ਮਾਸਕੋ: ਰੂਸ ਦੇ ਆਫ਼ਤ ਪ੍ਰਬੰਧਨ ਮੰਤਰਾਲੇ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਡਾਰਟਰਾਂ ਤੇ ਰਾਹਤ ਕਰਮਚਾਰੀਆਂ ਨੂੰ ਮਦਦ ਲਈ ਭੇਜਿਆ ਹੈ।
ਰੂਸੀ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਬਾਈਲ ਹਸਪਤਾਲ ਡਾਕਟਰਾਂ, ਬਚਾਅ ਕਰਮਚਾਰੀਆਂ ਤੇ ਜਨਤਕ ਸਿਹਤ ਦੀ ਨਿਗਰਾਨੀ ਦੇ ਨਾਲ 5 ਜਹਾਜ਼ਾਂ ਨੂੰ ਰਵਾਨਾ ਕੀਤਾ ਗਿਆ ਹੈ।
ਦੱਸ ਦਈਏ ਕਿ ਮੰਗਲਵਾਰ ਨੂੰ ਲਿਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਇੱਕ ਵੱਡਾ ਧਮਾਕਾ ਹੋਇਆ ਸੀ, ਜਿਸ ਵਿੱਚ ਸ਼ਹਿਰ ਦੀ ਬੰਦਰਗਾਹ ਦਾ ਇੱਕ ਵੱਡਾ ਹਿੱਸਾ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਵਿੱਚ 100 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਲਗਭਗ 3,000 ਲੋਕ ਜ਼ਖ਼ਮੀ ਹੋਏ ਹਨ।
ਰੂਸੀ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਬਚਾਅ ਟੀਮ ਦੇ ਸਾਰੇ ਮੈਂਬਰਾਂ ਕੋਲ ਵਿਸ਼ੇਸ਼ ਸੂਟ ਅਤੇ ਸੁਰੱਖਿਆਤਮਕ ਪਹਿਰਾਵਾ ਮਿਲੇਗਾ।
ਲਿਬਨਾਨ ਦੇ ਜਨਰਲ ਸੁਰੱਖਿਆ ਦੇ ਮੁਖੀ ਅੱਬਾਸ ਇਬਰਾਹਿਮ ਨੇ ਕਿਹਾ ਕਿ ਇਹ ਧਮਾਕਾ ਵਿਸਫੋਟਕ ਪਦਾਰਥਾਂ ਕਾਰਨ ਹੋਇਆ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ਇੱਕ ਜਹਾਜ਼ ਤੋਂ ਕਾਬੂ ਕੀਤਾ ਗਿਆ ਸੀ ਅਤੇ ਬੰਦਰਗਾਹ 'ਤੇ ਰੱਖਿਆ ਗਿਆ ਸੀ।
ਕੋਰੋਨਾ ਵਾਇਰਸ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਵਿੱਚ ਧਮਾਕੇ ਤੋਂ ਬਾਅਦ ਇੱਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਧਮਾਕੇ ਤੋਂ ਕਈ ਘੰਟੇ ਬਾਅਦ ਐਂਬੂਲੈਂਸਾਂ ਜ਼ਖ਼ਮੀਆਂ ਨੂੰ ਹਸਪਤਾਲ ਲੈ ਜਾ ਰਹੀਆਂ ਸਨ। ਹਸਪਤਾਲਾਂ ਵਿੱਚ ਜ਼ਖਮੀਆਂ ਦੀ ਭੀੜ ਹੈ।
ਧਮਾਕੇ ਤੋਂ ਬਾਅਦ ਬਹੁਤ ਸਾਰੇ ਦੇਸ਼ ਲਿਬਨਾਨ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਘਟਨਾ 'ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੇਰੂਤ ਦੇ ਲੋਕਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਅਮਰੀਕਾ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਉੱਤੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਮੋਦੀ ਦੇ ਹਵਾਲੇ ਨਾਲ ਟਵੀਟ ਕੀਤਾ ਕਿ ਉਹ ਬੇਰੂਤ ਵਿੱਚ ਹੋਏ ਵੱਡੇ ਧਮਾਕੇ ਵਿੱਚ ਜਾਨ-ਮਾਲ ਦੇ ਨੁਕਸਾਨ ਤੋਂ ਹੈਰਾਨ ਅਤੇ ਦੁਖੀ ਹਨ।