ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਰਕਾਰ ਨੇ 'ਸਮਾਜਿਕ ਵਿਵਸਥਾ ਅਤੇ ਸ਼ਾਂਤੀ' ਨੂੰ ਕਾਇਮ ਰੱਖਣ ਲਈ ਪਾਕਿਸਤਾਨ ਮੁਸਲਿਮ ਲੀਗ-ਐੱਨ (ਪੀਐੱਮਐੱਲ-ਐੱਨ) ਦੇ ਕਈ ਮੈਂਬਰਾਂ ਨੂੰ ਨਜ਼ਰਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ 246 ਮੈਂਬਰ ਸ਼ਾਮਲ ਹਨ। ਇੰਨ੍ਹਾਂ ਨੂੰ 30 ਦਿਨਾਂ ਤੱਕ ਨਜ਼ਰਬੰਦ ਰੱਖਿਆ ਜਾਵੇਗਾ।
ਇਹ ਸਾਰੇ ਪਾਕਿਸਤਾਨ ਸੰਸਦ ਅਤੇ ਪੰਜਾਬ ਸੂਬੇ ਦੀ ਵਿਧਾਨ ਸਭਾ ਦੇ ਮੈਂਬਰ ਹਨ। ਨਜ਼ਰਬੰਦੀ ਦਾ ਹੁਕਮ ਲਾਹੌਰ ਦੀ ਡਿਪਟੀ ਕਮਿਸ਼ਨਰ ਸਾਲੇਹਾ ਸਇਦ ਦੁਆਰਾ ਜਨਤਕ ਹੁਕਮ ਦੇ ਸਾਂਭ-ਸੰਭਾਲ (ਐੱਮਪੀਓ) ਦੀ ਧਾਰਾ 3 ਦੇ ਤਹਿਤ ਜਾਰੀ ਕੀਤਾ ਗਿਆ ਹੈ।
ਹੁਕਮ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪੀਐੱਮਐੱਲ-ਐੱਨ ਦੇ ਮੈਂਬਰ ਇਤਰਾਜ਼ਯੋਗ ਗਤੀਵਿਧੀਆਂ ਵਿੱਚ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਆਮ ਜਨਤਾ ਨੂੰ ਉਕਸਾਉਣ ਅਤੇ ਭੜਕਾਉਣ ਲਈ ਬਿਆਨਬਾਜ਼ੀ ਅਤੇ ਨਾਅਰੇਬਾਜ਼ੀ ਕਰ ਰਹੇ ਸਨ। ਇਸ ਦੇ ਨਾਲ ਹੀ ਇਹ ਵੀ ਦੋਸ਼ ਲੱਗੇ ਹਨ ਕਿ ਇਹ ਲੋਕ ਆਮ ਜਨਤਾ ਨੂੰ ਰੈਲੀਆਂ ਅਤੇ ਪ੍ਰਦਰਸ਼ਨ ਕਰਨ ਲਈ ਵੀ ਉਕਸਾ ਰਹੇ ਸਨ। ਇਹ ਕਰਨ ਦਾ ਸਿਰਫ਼ ਇੱਕ ਹੀ ਮਕਸਦ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਹਿਰ ਵਿੱਚ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਭਾਰਤ ਨੇ ਹਵਾਈ ਤਾਕਤ ਦੀ ਮਜ਼ਬੂਤੀ ਲਈ ਰੂਸ ਨਾਲ ਕੀਤਾ 1500 ਕਰੋੜ ਦਾ ਸੌਦਾ
ਜਾਰੀ ਹੁਕਮਾਂ ਮੁਤਾਬਕ ਇਹ ਲੋਕ ਸਮਾਜਿਕ ਸ਼ਾਂਤੀ, ਕਾਨੂੰਨ ਅਤੇ ਵਿਵਸਥਾ ਲਈ ਖ਼ਤਰਾ ਦੱਸੇ ਜਾ ਰਹੇ ਹਨ। ਇਸ ਤਰ੍ਹਾਂ ਦੇ ਲੋਕਾਂ ਅਤੇ ਵਿਰੋਧੀਆਂ ਉੱਤੇ ਨਜ਼ਰ ਨਾ ਰੱਖੀ ਗਈ ਹੈ ਤਾਂ ਇਹ ਲੋਕ ਸਮਾਜਿਕ ਸੁਰੱਖਿਆ ਵਿਵਸਥਾ ਅਤੇ ਸ਼ਾਂਤੀ ਨੂੰ ਭੰਗ ਕਰ ਪ੍ਰੇਸ਼ਾਨੀਆਂ ਖੜੀਆਂ ਕਰਨਗੇ।