ਇਸਲਾਮਾਬਾਦ: ਪਾਕਿਸਤਾਨ ਨੇ ਚੀਫ ਆਫ਼ ਡਿਫੈਂਸ ਮੁਖੀ ਜਨਰਲ ਬਿਪਿਨ ਰਾਵਤ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ ਵਿੱਚ ਰਾਵਤ ਨੇ ਨੌਜਵਾਨਾਂ ਨੂੰ ਕੱਟੜਵਾਦ ਤੋਂ ਆਜ਼ਾਦ ਕਰਾਉਣ ਲਈ ਕਸ਼ਮੀਰ ਵਾਦੀ ਵਿੱਚ ਕੈਂਪ ਚਲਾਉਣ ਦਾ ਸੁਝਾਅ ਦਿੱਤਾ ਸੀ।
ਨਵੀਂ ਦਿੱਲੀ ਵਿੱਚ ਆਯੋਜਿਤ ਰਾਯਸੀਨਾ ਸੰਵਾਦ 2020 ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਪਾਕਿਸਤਾਨ ਦਾ ਸਪੱਸ਼ਟ ਹਵਾਲਾ ਦਿੰਦਿਆਂ ਕਿਹਾ ਕਿ ਅੱਤਵਾਦ ਨੂੰ ਉਤਸ਼ਾਹਤ ਕਰਨ ਵਾਲੇ ਦੇਸ਼ਾਂ ਨੂੰ ਅੱਤਵਾਦ ਵਿਰੋਧੀ ਸੰਗਠਨ ਏਐਫਟੀਐਫ ਦੀ ਕਾਲੀ ਸੂਚੀ ਵਿੱਚ ਲਿਆਉਣ ਅਤੇ ਕੂਟਨੀਤਕ ਤੌਰ ‘ਤੇ ਵੱਖ ਕਰਨ ਦੀ ਲੋੜ ਹੈ।
ਕਸ਼ਮੀਰ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਘਾਟੀ ਵਿੱਚ 10 ਅਤੇ 12 ਸਾਲ ਦੇ ਮੁੰਡੇ ਅਤੇ ਕੁੜੀਆਂ ਨੂੰ ਕੱਟੜਪੰਥੀ ਬਣਾਇਆ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ: 'ਆਪਣੇ ਸ਼ਬਦਾਂ ਪ੍ਰਤੀ ਸੁਚੇਤ ਰਹਿਣ' ਈਰਾਨ ਦੇ ਸੁਪਰੀਮ ਲੀਡਰ: ਟਰੰਪ
ਉਨ੍ਹਾਂ ਕਿਹਾ, "ਇਨ੍ਹਾਂ ਲੋਕਾਂ ਨੂੰ ਹੌਲੀ ਹੌਲੀ ਕੱਟੜਵਾਦ ਤੋਂ ਵੱਖ ਕੀਤਾ ਜਾ ਸਕਦਾ ਹੈ। ਹਾਲਾਂਕਿ, ਉਹ ਲੋਕ ਵੀ ਹਨ ਜੋ ਪੂਰੀ ਤਰ੍ਹਾਂ ਕੱਟੜਪੰਥੀ ਹੋ ਗਏ ਹਨ ਪਰ ਕੱਟੜਪੰਥੀ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਲੋਕਾਂ ਨੂੰ ਕੈਂਪ ਲਗਾਉਣ ਦੀ ਲੋੜ ਹੈ।"
ਜਨਰਲ ਰਾਵਤ ਦੇ ਬਿਆਨ ਦੀ ਨਿੰਦਾ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ, "ਇਹ ਟਿੱਪਣੀ ਕੱਟੜਪੰਥੀ ਮਾਨਸਿਕਤਾ ਅਤੇ ਦੀਵਾਲੀਆ ਸੋਚ ਨੂੰ ਦਰਸਾਉਂਦੀ ਹੈ ਜੋ ਕਿ ਭਾਰਤ ਦੀਆਂ ਰਾਜ ਸੰਸਥਾਵਾਂ ਵਿੱਚ ਸਪਸ਼ਟ ਤੌਰ 'ਤੇ ਫੈਲ ਚੁੱਕੀ ਹੈ।"