ਇਸਲਾਮਾਬਾਦ: ਪਾਕਿਸਤਾਨ ਵਿੱਚ ਇਮਰਾਨ ਖ਼ਾਨ ਵਿਰੁੱਧ ਚੱਲ ਰਹੇ ਆਜ਼ਾਦੀ ਮਾਰਚ ਨੂੰ ਲੈ ਕੇ ਪਾਕਿਸਤਾਨੀ ਫ਼ੌਜ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਕਿਹਾ ਕਿ ਫ਼ੌਜ ਮੁਖੀ ਆਜ਼ਾਦੀ ਮਾਰਚ ਨੂੰ ਲੈ ਕੇ ਇਮਰਾਨ ਖ਼ਾਨ ਤੇ ਵਿਰੋਧੀ ਪਾਰਟੀਆਂ ਵਿਚ ਵਿਚੋਲਗੀ ਨਹੀਂ ਕਰਨਗੇ। ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਆਜ਼ਾਦੀ ਮਾਰਚ ਇੱਕ ਸਿਆਸੀ ਹਲਚਲ ਹੈ ਤੇ ਫ਼ੌਜ ਨੂੰ ਇਸ ਤੋਂ ਕੋਈ ਲੈਣਾ-ਦੇਣਾ ਨਹੀਂ ਹੈ।
ਗਫ਼ੂਰ ਨੇ ਕਿਹਾ ਕਿ ਮਾਰਚ ਹੋਵੇ ਜਾਂ ਧਰਨਾ ਇੱਕ ਰਾਜਨੀਤਿਕ ਗਤੀਵਿਧੀ ਹੈ ਜਿਸ ਵਿੱਚ ਫੌਜ ਦੀ ਇੱਕ ਸੰਸਥਾ ਵਜੋਂ ਕੋਈ ਭੂਮਿਕਾ ਨਹੀਂ ਹੁੰਦੀ। ਲੋਕਤੰਤਰ ਵਿਚ, ਉਨ੍ਹਾਂ ਨਾਲ ਪੇਸ਼ ਆਉਣਾ ਸਰਕਾਰ ਅਤੇ ਵਿਰੋਧੀ ਧਿਰ ਦਾ ਕੰਮ ਹੈ। ਪਾਕਿਸਤਾਨੀ ਫ਼ੌਜ ਕਦੇ ਵੀ ਕਿਸੇ ਕਿਸਮ ਦੀ ਅਜਿਹੀ ਸਰਗਰਮੀ ਵਿਚ ਸ਼ਾਮਲ ਨਹੀਂ ਹੋਈ।
ਮੇਜਰ ਜਨਰਲ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਇਕ ਸੰਸਥਾ ਹੈ, ਜੋ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ, ਉਸ ਕੋਲ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਲਈ ਸਮਾਂ ਨਹੀਂ ਹੈ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਉਹ ਜੋ ਵੀ ਬਿਆਨ ਦਿੰਦੇ ਹਨ, ਉਹ ਫ਼ੌਜ ਦਾ ਅਧਿਕਾਰਤ ਬਿਆਨ ਹੈ। ਆਜ਼ਾਦੀ ਮਾਰਚ ਤੇ ਧਰਨੇ ਵਿਚ ਤਾਲੀਬਾਨ ਦੇ ਝੰਡੇ ਨੂੰ ਵੇਖਦਿਆਂ ਗ਼ਫੂਰ ਨੇ ਕਿਹਾ ਕਿ ਲਹਿਰ ਦੇ ਨੇਤਾ ਮੌਲਾਨਾ ਫਜ਼ਲੂਰ ਰਹਿਮਾਨ ਇਕ ਸੀਨੀਅਰ ਸਿਆਸਤਦਾਨ ਹਨ ਅਤੇ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਦੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ।