ਨਵੀਂ ਦਿੱਲੀ: ਪਾਕਿਸਤਾਨ ਹਾਈ ਕਮਿਸ਼ਨ ਦੇ 3 ਕਰਮਚਾਰੀਆਂ ਨੂੰ ਸਪੈਸ਼ਲ ਸੈੱਲ ਨੇ ਜਾਸੂਸੀ ਕਰਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਇੱਕ ਜਾਅਲੀ ਆਧਾਰ ਕਾਰਡ ਵੀ ਬਰਾਮਦ ਹੋਇਆ ਹੈ। ਭਾਰਤ ਨੇ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ 31 ਮਈ ਨੂੰ ਦੋਵੇਂ ਪਾਕਿਸਤਾਨੀ ਡਿਪਲੋਮੈਟਾਂ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਹੁਣ ਪਾਕਿਸਤਾਨ ਨੇ ਇਸਲਾਮਾਬਾਦ ਵਿੱਚ ਭਾਰਤੀ ਦੂਤਘਰ ਦੇ ਅਧਿਕਾਰੀ ਨੂੰ ਸੰਮਨ ਭੇਜਿਆ ਹੈ। ਭਾਰਤ ਵੱਲੋਂ ਕੀਤੀ ਇਸ ਕਾਰਵਾਈ ਦਾ ਪਾਕਿਸਤਾਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਾਕਿਸਤਾਨ ਨੇ ਕਿਹਾ ਕਿ ਉਸ ਦੇ ਦੋਹਾਂ ਡਿਪਲੋਮੈਟਾਂ 'ਤੇ ਜਾਸੂਸੀ ਦੇ ਦੋਸ਼ ਸਹੀ ਨਹੀਂ ਹਨ। ਪਾਕਿਸਤਾਨ ਨੇ ਵੀ ਆਪਣਾ ਪੱਖ ਪੇਸ਼ ਕਰਨ ਲਈ ਵੀਆਨਾ ਸੰਧੀ ਦਾ ਹਵਾਲਾ ਦਿੱਤਾ। ਦੱਸ ਦਈਏ ਕਿ ਡਿਪਲੋਮੈਟਾਂ ਨੂੰ ਵੀਆਨਾ ਸੰਧੀ ਦੇ ਤਹਿਤ ਵਿਸ਼ੇਸ਼ ਅਧਿਕਾਰ ਹੁੰਦੇ ਹਨ, ਤਾਂ ਜੋ ਉਹ ਆਪਣੇ ਦੇਸ਼ ਲਈ ਸਹੀ ਢੰਗ ਨਾਲ ਕੰਮ ਕਰ ਸਕਣ।
ਦੱਸ ਦਈਏ ਕਿ ਪਾਕਿਸਤਾਨ ਦੇ ਦੂਤਾਵਾਸ ਵਿੱਚ ਤਾਇਨਾਤ 3 ਕਰਮਚਾਰੀ ਆਈਐਸਆਈ ਦੇ ਇਸ਼ਾਰੇ ‘ਤੇ ਭਾਰਤ ਵਿੱਚ ਜਾਸੂਸੀ ਕਰ ਰਹੇ ਸਨ। ਇਨ੍ਹਾਂ ਤਿੰਨਾਂ ਨੂੰ ਸਪੈਸ਼ਲ ਸੈੱਲ ਨੇ ਫੜ ਲਿਆ ਹੈ। ਇਸ ਸਬੰਧੀ ਐਫਆਈਆਰ ਦਾਇਰ ਕੀਤੀ ਗਈ ਹੈ ਪਰ ਦੂਤਾਵਾਸ ਵਿੱਚ ਕੰਮ ਕਰਨ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਫੜੇ ਗਏ ਜਾਸੂਸਾਂ ਕੋਲੋਂ ਨਕਲੀ ਆਧਾਰ ਕਾਰਡ ਵੀ ਬਰਾਮਦ ਹੋਏ ਹਨ।
ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਅੰਬੈਸੀ ਨੂੰ ਇਨ੍ਹਾਂ ਕਰਮਚਾਰੀਆਂ ਨੂੰ ਵਾਪਿਸ ਪਾਕਿਸਤਾਨ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਸਪੈਸ਼ਲ ਸੈੱਲ ਨੂੰ ਉਸ ਵਿਅਕਤੀ ਬਾਰੇ ਵੀ ਮਹੱਤਵਪੂਰਣ ਜਾਣਕਾਰੀ ਮਿਲੀ ਹੈ ਜਿਸ ਨੇ ਦਸਤਾਵੇਜ਼ ਲੀਕ ਕੀਤੇ ਸਨ। ਉਸ ਦੀ ਭਾਲ ਵੀ ਜਾਰੀ ਹੈ।
ਇਹ ਵੀ ਪੜ੍ਹੋ: ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਭਾਰਤ
ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਪਾਕਿਸਤਾਨ ਦੂਤਾਵਾਸ ਵਿੱਚ ਤਾਇਨਾਤ ਕੁੱਝ ਕਰਮਚਾਰੀਆਂ 'ਤੇ ਜਾਸੂਸੀ ਕਰਨ ਦਾ ਸ਼ੱਕ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਆਈਐਸਆਈ ਦੇ ਨਿਰਦੇਸ਼ਾਂ 'ਤੇ ਜਾਸੂਸੀ ਕਰ ਰਹੇ ਸਨ। ਇਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਉਨ੍ਹਾਂ ਦੀ ਨਿਰੰਤਰ ਨਿਗਰਾਨੀ ਕਰ ਰਹੀ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਦੂਤਘਰ ਦੇ 2 ਕਰਮਚਾਰੀ ਕਿਸੇ ਭਾਰਤੀ ਤੋਂ ਖੁਫੀਆ ਦਸਤਾਵੇਜ਼ ਲੈਣ ਲਈ ਕਰੋਲ ਬਾਗ ਖੇਤਰ ਆਉਣਗੇ।
ਐਤਵਾਰ ਨੂੰ ਸਪੈਸ਼ਲ ਸੈੱਲ ਨੇ ਦੋਵਾਂ ਨੂੰ ਇਸ ਗੁਪਤ ਜਾਣਕਾਰੀ ਦੇ ਆਧਾਰ 'ਤੇ ਇੱਕ ਵਿਅਕਤੀ ਤੋਂ ਗੁਪਤ ਦਸਤਾਵੇਜ਼ ਲੈਂਦੇ ਫੜਿਆ ਸੀ। ਬਦਲੇ ਵਿੱਚ ਉਹ ਇੱਕ ਭਾਰਤੀ ਵਿਅਕਤੀ ਨੂੰ ਪੈਸੇ ਅਤੇ ਇੱਕ ਆਈਫੋਨ ਦੇ ਰਿਹਾ ਸੀ। ਜਿਵੇਂ ਹੀ ਉਨ੍ਹਾਂ ਨੂੰ ਫੜਿਆ ਗਿਆ ਤਾਂ ਦਸਤਾਵੇਜ਼ ਦੇਣ ਵਾਲਾ ਵਿਅਕਤੀ ਮੌਕੇ ਤੋਂ ਭੱਜ ਗਿਆ।
ਪੁਲਿਸ ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਮ ਆਬੀਦ ਹੁਸੈਨ, ਮੁਹੰਮਦ ਤਾਹਿਰ ਅਤੇ ਜਾਵੇਦ ਹਨ। ਆਬਿਦ ਹੁਸੈਨ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਵੀਜ਼ਾ ਸਹਾਇਕ ਵਜੋਂ ਕੰਮ ਕਰਦਾ ਸੀ। ਤਾਹਿਰ ਇੱਕ ਯੂਡੀਸੀ ਹੈ ਜਦੋਂਕਿ ਜਾਵੇਦ ਡਰਾਈਵਰ ਹੈ।