ਲਾਹੌਰ: ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਪੰਜਾਬ ਸੂਬੇ ਵਿੱਚ ਗੁਰੂਦੁਆਰਾ ਨਨਕਾਣਾ ਸਾਹਿਬ ਦੀ ਭੰਨਤੋੜ ਕਰਨ ਲਈ ਤਿੰਨ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਦੋ ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਗੁਰਦੁਆਰਾ ਨਨਕਾਣਾ ਸਾਹਿਬ ਨੂੰ ਗੁਰਦੁਆਰਾ ਜਨਮ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸਥਾਨ ਲਾਹੌਰ ਦੇ ਨੇੜੇ ਹੈ ਅਤੇ ਇਥੇ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਜਨਵਰੀ 2020 ਵਿੱਚ, ਇੱਕ ਹਿੰਸਕ ਭੀੜ ਨੇ ਗੁਰਦੁਆਰੇ 'ਤੇ ਹਮਲਾ ਕੀਤਾ, ਇਸ 'ਤੇ ਪੱਥਰ ਸੁੱਟੇ ਅਤੇ ਇਸ ਨੂੰ ਨਸ਼ਟ ਕਰਨ ਅਤੇ ਇਸਲਾਮਿਕ ਅਸਥਾਨ ਬਣਾਉਣ ਦੀ ਧਮਕੀ ਦਿੱਤੀ।
ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ, “ਮੰਗਲਵਾਰ ਨੂੰ ਲਾਹੌਰ ਦੀ ਇੱਕ ਅੱਤਵਾਦ ਰੋਕੂ ਅਦਾਲਤ ਨੇ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਨੂੰ ਦੋ ਸਾਲ ਦੀ ਸਜਾ ਸੁਣਾਈ ਅਤੇ 10,000 ਪਾਕਿਸਤਾਨੀ ਰੁਪਏ ਜੁਰਮਾਨਾ ਵੀ ਕੀਤਾ। ਇਸ ਦੇ ਨਾਲ ਹੀ ਦੋ ਹੋਰ ਮੁਲਜ਼ਮਾਂ ਮੁਹੰਮਦ ਸਲਮਾਨ ਅਤੇ ਮੁਹੰਮਦ ਅਹਿਮਦ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ। ਉਸੇ ਸਮੇਂ, ਚਾਰ ਹੋਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਰਿਹਾ ਕੀਤਾ ਗਿਆ।
ਸਜ਼ਾ ਸੁਣਾਏ ਜਾਣ ਸਮੇਂ ਇਸ ਕੇਸ ਨਾਲ ਜੁੜੇ ਸਾਰੇ ਸ਼ੱਕੀ ਅਦਾਲਤ ਵਿੱਚ ਮੌਜੂਦ ਸਨ। ਮੁਲਜ਼ਮ ਦੇ ਦੋਸ਼ੀ ਸਾਬਤ ਹੋਣ ਦੀ ਸਥਿਤੀ ਵਿੱਚ, ਧਾਰਮਿਕ ਅਨਸਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਸਰਕਾਰੀ ਕਰਮਚਾਰੀ ਹੈ ਇਮਰਾਨ ਚਿਸ਼ਤੀ
ਚਿਸ਼ਤੀ ਮੱਛੀ ਪਾਲਣ ਵਿਭਾਗ ਵਿੱਚ ਕੰਮ ਕਰਨ ਵਾਲਾ ਇੱਕ ਸਰਕਾਰੀ ਕਰਮਚਾਰੀ ਹੈ। ਪਿਛਲੇ ਸਾਲ ਹੋਏ ਹਮਲੇ ਤੋਂ ਬਾਅਦ ਉਸਨੂੰ ਅਤੇ ਹੋਰ ਸ਼ੱਕੀ ਵਿਅਕਤੀਆਂ ਨੂੰ ਅੱਤਵਾਦ ਅਤੇ ਕੁਫ਼ਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਐਫਆਈਆਰ ਮੁਤਾਬਕ, ਚਿਸ਼ਤੀ 'ਤੇ ਧਰਮ ਦੇ ਨਾਂਅ 'ਤੇ ਹਿੰਸਾ ਭੜਕਾਉਣ ਦਾ ਦੋਸ਼ ਸੀ। ਉਹ ਇਸ ਰਾਹੀਂ ਪਰਿਵਾਰਕ ਮਸਲੇ ਦਾ ਨਿਬੇੜਾ ਕਰਨਾ ਚਾਹੁੰਦਾ ਸੀ ਅਤੇ ਉਸਨੇ ਨਨਕਾਣਾ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਖਰਾਬ ਕੀਤੀ।
ਦੋਸ਼ੀ ਚਿਸ਼ਤੀ, ਮੁਹੰਮਦ ਹਸਨ ਦਾ ਵੱਡਾ ਭਰਾ ਹੈ। ਹਸਨ ਨੇ ਸਿੱਖ ਧਰਮ ਨਾਲ ਸਬੰਧਤ ਇੱਕ ਕਿਸ਼ੋਰੀ ਜਗਜੀਤ ਕੌਰ ਨੂੰ ਕਥਿਤ ਤੌਰ 'ਤੇ ਅਗ਼ਵਾ ਕਰਕੇ ਤੇ ਧਰਮ ਬਦਲਾਅ ਤੋਂ ਬਾਅਦ ਵਿਆਹ ਕਰਵਾ ਲਿਆ ਸੀ।
ਇਸ ਮੁੱਦੇ ਨੂੰ ਲੈ ਕੇ ਨਨਕਾਣਾ ਸਾਹਿਬ ਦੇ ਮੁਸਲਮਾਨ ਅਤੇ ਸਿੱਖ ਆਹਮਣੇ-ਸਾਹਮਣੇ ਆ ਗਏ ਸਨ। ਚਿਸ਼ਤੀ ਨੇ ਦਾਅਵਾ ਕੀਤਾ ਸੀ ਕਿ ਹਸਨ ਨੂੰ ਪੁਲਿਸ ਨੇ ਮਰਜ਼ੀ ਨਾਲ ਗੁਰੂਦੁਆਰੇ ਦੇ ਗ੍ਰੰਥੀ ਦੀ ਲੜਕੀ ਨਾਲ ਵਿਆਹ ਕਰਵਾਉਣ ਲਈ ਕੁੱਟਿਆ ਸੀ। ਉਹ ਲਾਹੌਰ ਵਿੱਚ ਦਾਰੁਲ ਅਮਨ (ਸਰਕਾਰੀ ਸ਼ੈਲਟਰ ਹੋਮ) ਵਿੱਚ ਰਹਿ ਰਹੀ ਹੈ ਅਤੇ ਉਸਦਾ ਨਾਂਅ ਆਇਸ਼ਾ ਹੈ ਅਤੇ ਉਸਨੇ ਕਥਿਤ ਤੌਰ 'ਤੇ ਹੁਣ ਮੁੜ ਧਰਮ ਬਦਲਣ ਅਤੇ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਭਾਰਤ ਨੇ ਗੁਰਦੁਆਰੇ ‘ਤੇ ਹੋਏ ਹਿੰਸਕ ਹਮਲੇ ਦੀ ਨਿਖੇਧੀ ਕੀਤੀ ਸੀ ਅਤੇ ਪਾਕਿਸਤਾਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ।