ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ ਮਰੀਅਮ ਨੂੰ ਸ਼ੁਗਰ ਮਿੱਲ ਭ੍ਰਿਸ਼ਟਾਚਾਰ ਮਾਮਲੇ 'ਚ ਪਾਕਿਸਤਾਨ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ।
ਮਰਿਅਮ ਨੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਰਿਅਮ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਦੋਂ ਉਹ ਲਾਹੌਰ ਦੀ ਕੋਟ ਲਖਪਤ ਜੇਲ੍ਹ ਦੇ ਬਾਹਰ ਆਪਣੇ ਪਿਤਾ ਨਵਾਜ਼ ਸ਼ਰੀਫ਼ ਨੂੰ ਮਿਲਣ ਪੁੱਜੀ ਸੀ। ਸ਼ਾਮ ਤਿੰਨ ਵਜੇ ਐੱਨਏਬੀ ਨੇ ਮਰਿਅਮ ਨੂੰ ਪੇਸ਼ ਹੋਣ ਲਈ ਕਿਹਾ ਸੀ।
ਮਰਿਅਮ ਨੂੰ ਇੱਕ ਪ੍ਰਸ਼ਨ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਚੌਧਰੀ ਸ਼ੂਗਰ ਮਿੱਲ ਨਾਲ ਜੁੜੇ ਸਵਾਲ ਸਨ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਰਿਅਮ ਨੇ ਵੀਰਵਾਰ ਸ਼ਾਮ ਤਿੰਨ ਵਜੇ ਤੱਕ ਦੇਣੇ ਸਨ। ਪੇਸ਼ ਨਾ ਹੋਣ ਲਈ ਐੱਨਏਬੀ ਨੇ ਪਹਿਲਾਂ ਹੀ ਵਾਰੰਟ ਜਾਰੀ ਕੀਤੇ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 31 ਜੁਲਾਈ ਨੂੰ ਮਰਿਅਮ ਐੱਨਏਬੀ 'ਚ ਪੇਸ਼ ਹੋਈ ਸੀ ਅਤੇ ਆਪਣਾ ਬਿਆਨ ਰਿਕਾਰਡ ਕਰਵਾਇਆ ਸੀ। ਇਹ ਬਿਆਨ ਚੌਧਰੀ ਸ਼ੂਗਰ ਮਿੱਲ 'ਚ ਵਪਾਰਕ ਲੈਣ ਦੇਣ ਨੂੰ ਲੈ ਕੇ ਸੀ। ਚੌਧਰੀ ਸ਼ੂਗਰ ਮਿੱਲ 'ਚ ਮਰਿਅਮ ਦੇ ਸਭ ਤੋਂ ਜ਼ਿਆਦਾ ਸ਼ੇਅਰ ਸਨ।