ਤਹਿਰਾਨ: ਇਰਾਨ ਦੇ ਸਭ ਤੋਂ ਸੀਨੀਅਰ ਪ੍ਰਮਾਣੂ ਵਿਗਿਆਨੀ ਮੋਹਸੇਨ ਫਖਰੀਜ਼ਾਦੇਹ ਦੀ ਰਾਜਧਾਨੀ ਤਹਿਰਾਨ ਨੇੜੇ ਹੱਤਿਆ ਕਰ ਦਿੱਤੀ ਗਈ ਹੈ। ਦੇਸ਼ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦਾਮਾਵੰਡ ਕਾਊਂਟੀ 'ਚ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਫਖਰੀਜ਼ਾਦੇਹ ਦੀ ਹਸਪਤਾਲ 'ਚ ਮੌਤ ਹੋਈ।
ਸਥਾਨਕ ਨਿਊਜ਼ ਏਜੰਸੀਆਂ ਮੁਤਾਬਕ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ। ਪੱਛਮੀ ਖੁਫ਼ੀਆ ਏਜੰਸੀਆਂ ਉਸ ਨੂੰ ਇਰਾਨ ਦੇ ਗੁਪਤ ਪਰਮਾਣੂ ਹਥਿਆਰ ਪ੍ਰੋਗਰਾਮ ਦੇ ਮਾਸਟਰਮਾਈਂਡ ਵਜੋਂ ਦੇਖਦੀਆਂ ਹਨ। ਕਥਿਤ ਤੌਰ 'ਤੇ ਡਿਪਲੋਮੈਟਸ ਵੱਲੋਂ ਉਸ ਨੂੰ "ਫਾਦਰ ਆਫ ਦਾ ਇਰਾਨੀਅਨ ਬੌਬ" ਕਿਹਾ ਗਿਆ ਸੀ। ਹੱਤਿਆ ਦੀ ਇਹ ਖ਼ਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਕਿ ਇਰਾਨ 'ਚ ਤੈਅ ਸੀਮਾ ਤੋਂ ਕਾਫੀ ਜ਼ਿਆਦਾ ਮਾਤਰਾ 'ਚ ਯੂਰੇਨੀਅਮ ਪੈਦਾ ਕਰ ਲਈ ਗਈ ਹੈ। ਇਰਾਨ ਦਾ ਦਾਅਵਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸਿਰਫ ਸ਼ਾਂਤੀਪੂਰਵਕ ਉਦੇਸ਼ਾਂ ਲਈ ਹੈ।
ਇਸ ਤੋਂ ਪਹਿਲਾਂ ਸਾਲ 2010 ਤੋਂ 2012 ਦਰਮਿਆਨ ਚਾਰ ਇਰਾਨ ਪ੍ਰਮਾਣੂ ਵਿਗਿਆਨੀਆਂ ਦੀ ਹੱਤਿਆ ਕੀਤੀ ਗਈ ਸੀ। ਉਸ ਸਮੇਂ ਇਰਾਨ ਨੇ ਇਜ਼ਰਾਇਲ 'ਤੇ ਕਤਲੇਆਮ ਦਾ ਇਲਜ਼ਾਮ ਲਾਇਆ ਸੀ। ਮਈ 2018 'ਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਦੀ ਮੌਜੂਦਗੀ 'ਚ ਫਖਰੀਜ਼ਾਦੇਹ ਦੇ ਨਾਂਅ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਸੀ।