ਟੋਕਿਓ: ਜਾਪਾਨ ਨੇ ਦੱਖਣੀ ਕੋਰੀਆ ਨੂੰ ਜੀ-7 ਵਿੱਚ ਸ਼ਾਮਲ ਕਰਨ 'ਤੇ ਇਤਰਾਜ਼ ਜਤਾਇਆ ਹੈ। ਜਾਪਾਨ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਚੀਨ ਅਤੇ ਉੱਤਰੀ ਕੋਰੀਆ ਦੇ ਮੁੱਦੇ 'ਤੇ ਜੀ 7 ਮੈਂਬਰ ਦੇਸ਼ਾਂ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ। ਕਯੋਦੋ ਨੇ ਡਿਪਲੋਮੈਟਿਕ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 30 ਮਈ ਨੂੰ ਰੂਸ, ਦੱਖਣੀ ਕੋਰੀਆ, ਆਸਟਰੇਲੀਆ ਅਤੇ ਭਾਰਤ ਨੂੰ ਜੀ -7 ਸੰਮੇਲਨ ਵਿੱਚ ਸ਼ਾਮਲ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਸੀ।
ਟੋਕਿਓ ਅਧਾਰਤ ਨਿਊਜ਼ ਏਜੰਸੀ ਦੇ ਅਨੁਸਾਰ ਟਰੰਪ ਨੇ ਜੀ -7 ਨੂੰ ਇੱਕ ਪਿਛੜਾ ਸਮੂਹ ਕਰਾਰ ਦਿੱਤਾ ਹੈ। ਨਾਲ ਹੀ ਮੌਜੂਦਾ ਸਮੇ ਦੇ ਮੱਦੇਨਜ਼ਰ ਇਸ ਦੇ ਵਿਸਤਾਰ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਤਾਂ ਨੂੰ ਸਮਝਦੇ ਹੋਏ ਇਸ ਵਿੱਚ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।
ਕਯੋਦੋ ਨੇ ਕਿਹਾ ਕਿ ਟਰੰਪ ਦੇ ਬਿਆਨ ਤੋਂ ਤੁਰੰਤ ਬਾਅਦ ਟੋਕਿਓ ਵਿੱਚ ਇੱਕ ਜਾਪਾਨੀ ਸਰਕਾਰੀ ਅਧਿਕਾਰੀ ਨੇ ਇਸ 'ਤੇ ਆਪਣਾ ਇਤਰਾਜ਼ ਜ਼ਾਹਿਰ ਕੀਤਾ ਹੈ। ਜਾਪਾਨ ਆਪਣਾ ਵਿਸ਼ੇਸ਼ ਦਰਜਾ ਗੁਆਉਣਾ ਨਹੀਂ ਚਾਹੁੰਦਾ, ਜੋ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਯੂਰਪੀਅਨ ਸਗਠੰਨ ਨੂੰ ਇੱਕ ਪਲੇਟਫਾਰਮ 'ਤੇ ਲਿਆਉਂਦਾ ਹੈ।
ਸਿਖਰ ਸੰਮੇਲਨ ਸ਼ੁਰੂ 'ਚ ਜੂਨ 'ਚ ਤੈਅ ਕੀਤਾ ਗਿਆ ਸੀ, ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।