ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀਰਵਾਰ ਨੂੰ ਅੱਤਵਾਦ ਵਿਰੋਧੀ ਅਦਾਲਤ ਨੇ ਸਾਲ 2014 ਵਿੱਚ ਸੰਸਦ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।
ਹਾਲਾਂਕਿ ਅਦਾਲਤ ਨੇ ਇਸ ਮਾਮਲੇ 'ਚ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਣੇ ਕਈ ਸੀਨੀਅਰ ਮੰਤਰੀਆਂ ਨੂੰ ਸੰਮਨ ਜਾਰੀ ਕਰ ਤਲਬ ਕੀਤਾ ਹੈ। ਮੀਡੀਆ 'ਚ ਪ੍ਰਕਾਸ਼ਤ ਖ਼ਬਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਸਥਾਨਕ ਅਖ਼ਬਾਰ 'ਚ ਕਿਹਾ ਗਿਆ ਕਿ ਅੱਤਵਾਦ ਵਿਰੋਦੀ ਅਦਾਲਤ ਦੇ ਜੱਜ ਰਾਜਾ ਜਾਵੇਦ ਅੱਬਾਸ ਹਸਨ ਨੇ ਰਾਸ਼ਟਰਪਤੀ ਆਰਿਫ਼ ਅਲਵੀ ਦੇ ਖਿਲਾਫ ਕਾਨੂੰਨੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਅਤੇ ਪਾਕਿਸਤਾਨ ਅਵਾਮੀ ਤਹਿਰੀਕ (ਪੀਏਟੀ) ਦੇ ਵਰਕਰਾਂ ਨੇ 31 ਅਗਸਤ 2014 ਨੂੰ ਸੰਸਦ ਅਤੇ ਪ੍ਰਧਾਨ ਮੰਤਰੀ ਆਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਹਈ ਸੀ। ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ 26 ਲੋਕ ਜ਼ਖਮੀ ਹੋ ਗਏ ਸੀ। ਹੁਣ ਦੇਸ਼ ਵਿੱਚ ਪੀਟੀਆਈ ਦੀ ਸਰਕਾਰ ਸੱਤਾ 'ਚ ਹੈ।
ਪੁਲਿਸ ਨੇ ਇਮਰਾਨ ਖਾਨ ਤੇ ਪੀਟੀਆਈ ਦੇ ਹੋਰਨਾਂ ਨੇਤਾਵਾਂ 'ਤੇ ਅੱਤਵਾਦ ਵਿਰੋਧੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਸਥਾਨਕ ਅਖ਼ਬਾਰ 'ਚ ਛਪੀ ਇੱਕ ਖ਼ਬਰ ਦੇ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇੱਕ ਹਫ਼ਤਾ ਪਹਿਲਾਂ ਅਦਾਲਤ 'ਚ ਅਪੀਲ ਕਰਨ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਹੈ।
ਇਮਰਾਨ ਨੇ ਅਦਾਲਤ 'ਚ ਅਭਿਯੋਜਨ ਪੱਖ ਵੱਲੋਂ ਇਸ ਮਾਮਲੇ ਨੂੰ ਅੱਗੇ ਵਧਾਏ ਜਾਣ 'ਚ ਕੋਈ ਦਿਲਚਸਪੀ ਨਹੀਂ ਦਿਖਾਏ ਜਾਣ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੂੰ ਬਰੀ ਕੀਤੇ ਜਾਣ ਦੀ ਅਪੀਲ ਕੀਤੀ ਸੀ।