ਬੀਜਿੰਗ: ਚੀਨ ਦੇ ਆਰਥਿਕ ਕੇਂਦਰ ਸ਼ੰਘਾਈ ਸਮੇਤ ਪੂਰਵੀ ਸਮੁੰਦਰੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਈ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਤੂਫ਼ਾਨ 'ਹੈਗੀਪੁਟ' ਨੇ ਸਵੇਰੇ ਸਾਢੇ 3 ਵਜੇ ਝੇਜਿਆਂਗ ਪ੍ਰਾਂਤ ਵਿੱਚ ਦਸਤਕ ਦਿੱਤੀ ਜਿੱਥੇ ਕੇਂਦਰ ਵਿੱਚ ਪ੍ਰਤੀ ਘੰਟੇ 136.8 ਕਿੱਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ।
ਇਹ ਲਗਭਗ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ ਵੱਲ ਵਧ ਰਿਹਾ ਹੈ ਅਤੇ ਹੌਲੀ-ਹੌਲੀ ਇਸ ਦੇ ਉੱਤਰ-ਪੂਰਬ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ ਜੋ ਕਿ ਬੁੱਧਵਾਰ ਸਵੇਰੇ ਮੁੜ ਸਮੁੰਦਰ ਵੱਲ ਮੁੜੇਗਾ ਅਤੇ ਕੋਰੀਆ ਪ੍ਰਾਇਦੀਪ ਦੀ ਦਿਸ਼ਾ ਵਿੱਚ ਵਧੇਗਾ।
ਚੀਨ ਨੇ ਦੱਖਣ ਵੱਲ ਝੇਜਿਆਂਗ ਅਤੇ ਫੁਜ਼ਿਆਂਗ ਪ੍ਰਾਂਤਾਂ ਦੇ ਸੰਵੇਦਨਸ਼ੀਲ ਤੱਟਵਰਤੀ ਇਲਾਕਿਆਂ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਹਨ, ਮੱਛੀ ਫੜਨ ਵਾਲੀਆਂ ਕਿਸ਼ਤੀਆਂ ਅਤੇ ਸਮੁੰਦਰੀ ਯਾਤਰਾ ਦੀਆਂ ਸੇਵਾਵਾਂ ਅਤੇ ਕੁਝ ਰੇਲ ਗੱਡੀਆਂ ਨੂੰ ਰੋਕ ਦਿੱਤਾ ਹੈ।
ਤੂਫ਼ਾਨ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਸਰਕਾਰੀ ਚੈਨਲ ਸੀਸੀਟੀਵੀ ਨੇ ਝੇਜਿਆਂਗ ਦੇ ਯੂਹੁਆਨ ਸਿਟੀ ਵਿੱਚ ਦਰੱਖ਼ਤ ਉਖਾੜਨ ਦੀਆਂ ਤਸਵੀਰਾਂ ਦਿਖਾਈਆਂ ਪਰ ਗੰਭੀਰ ਨੁਕਸਾਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ।