ਨਵੀਂ ਦਿੱਲੀ: ਪਾਕਿਸਤਾਨ ਵਿੱਚ ਯੂਨੀਵਰਸਿਟੀ ਦੇ ਹੋਸਟਲ ਦੇ ਆਪਣੇ ਕਮਰੇ ਵਿੱਚ ਸ਼ੱਕੀ ਹਲਾਤਾਂ ਮ੍ਰਿਤਕ ਮਿਲੀ ਹਿੰਦੂ ਮੈਡੀਕਲ ਵਿਦਿਆਰਥਣ ਨਿਮਰਤਾ ਕੁਮਾਰੀ ਦੀ ਆਖਰੀ ਪੋਸਟਮਾਰਟਮ ਰਿਪੋਰਟ ਵਿਚ ਵਿਚ ਖ਼ੁਲਾਸਾ ਹੋਇਆ ਹੈ ਕਿ ਉਸ ਦੇ ਕਤਲ ਤੋਂ ਪਹਿਲਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ।
ਨਿਮਰਤਾ ਕੁਮਾਰੀ ਦੀ ਮ੍ਰਿਤਕ ਦੇਹ 16 ਸਤੰਬਰ ਨੂੰ ਲਰਕਾਨਾ ਸਥਿਤ ਸ਼ਹੀਦ ਮੋਹਤਰਮਾ ਬੇਨਜੀਰ ਭੁੱਟੋ ਮੈਡੀਕਲ ਯੂਨਿਵਰਸਿਟੀ ਦੇ ਹੋਸਟਲ ਵਿੱਚ ਉਸਦੇ ਕਮਰੇ ਵਿੱਚ ਸੀਲਿੰਗ ਪੱਖੇ ਨਾਲ ਲਟਕਦੀ ਮਿਲੀ ਸੀ। ਉਹ ਯੂਨੀਵਰਸਿਟੀ ਦੇ ਬੈਚਲਰ ਆਫ ਡੈਂਟਲ ਸਰਜਰੀ ਪ੍ਰੋਗਰਾਮ ਦੇ ਆਖਰੀ ਸਾਲ ਦੀ ਵਿਦਿਆਰਥਣ ਸੀ।
ਆਖਰੀ ਪੋਸਟਮਾਰਟਮ ਰਿਪੋਰਟ ਲਰਕਾਨਾ ਦੇ ਚੰਦਕਾ ਮੈਡੀਕਲ ਕਾਲਜ ਹਸਪਤਾਲ (ਸੀਐਮਸੀਐਚ) ਵੱਲੋਂ ਅੰਤਮ ਜਾਰੀ ਕੀਤੀ ਗਈ ਹੈ। ਸੀਐਮਸੀਐਚ ਮਹਿਲਾ ਮੈਡੀਕੋ-ਕਾਨੂੰਨੀ ਅਧਿਕਾਰੀ ਡਾ. ਅਮ੍ਰਿਤਾ ਮੁਤਾਬਕ ਨਿਮਰਤਾ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ। ਉੱਥੇ ਹੀ ਇੱਕ ਡੀ ਐਨ ਏ ਟੈਸਟ ਨੇ ਪੁਸ਼ਟੀ ਕੀਤੀ ਕਿ ਮ੍ਰਿਤਕ ਦੇ ਸਰੀਰ ਵਿਚ ਮਰਦ ਡੀ ਐਨ ਏ ਸੀ। ਇਸ ਦੇ ਨਾਲ ਹੀ ਪੀੜਤਾ ਨਾਲ ਜਬਰ ਜਨਾਹ ਦੀ ਵੀ ਪੁਸ਼ਟੀ ਹੋਈ ਹੈ।
ਇਸ ਪੋਸਟਮਾਰਟਮ ਰਿਪੋਰਟ ਨੇ ਮ੍ਰਿਤਕਾ ਦੇ ਭਰਾ ਵਿਸ਼ਾਲ ਦੇ ਦਾਅਵਿਆਂ ਨੂੰ ਸਹੀ ਠਹਿਰਾਇਆ ਹੈ। ਵਿਸ਼ਾਲ ਨੇ ਆਪਣੀ ਭੈਣ ਦੇ ਕਤਲ ਦੀ ਗੱਲ ਕਹੀ ਸੀ। ਉਸ ਮੁਤਾਬਕ ਨਿਮਰਤਾ ਨਾ ਤਾਂ ਉਦਾਸ ਸੀ ਅਤੇ ਨਾ ਹੀ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੋਵੇ।
ਇਸ ਘਟਨਾ ਨੂੰ ਲੈ ਕੇ ਸਿੰਧ ਸਰਕਾਰ ਨੇ ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮਾਮਲੇ ਦੀ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਸਨ। ਸਿੰਧ ਹਾਈ ਕੋਰਟ ਦੇ ਹਕਮਾਂ ਉੱਤੇ ਲਰਕਾਨਾ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੀ ਨਿਗਰਾਨੀ ਹੇਠ ਕਤਲ ਦੀ ਅੱਗੇ ਦੀ ਜਾਂਚ ਚੱਲ ਰਹੀ ਹੈ।