ਕੋਲੰਬੋ: ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਨਾਲ ਜੁੜੀ ਇੱਕ ਵੈਨ ਸਮੇਤ 3 ਸ਼ੱਕੀਆਂ ਨੂੰ ਸ੍ਰੀਲੰਕਾ ਜਾਂਚ ਟੀਮ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਹਮਲਾਵਰਾਂ ਨੇ ਵੈਨ ਦੀ ਵਰਤੋਂ ਹਥਿਆਰ ਲੈ ਜਾਣ 'ਚ ਕੀਤੀ ਸੀ ਅਤੇ ਹਮਲੇ ਤੋਂ ਬਾਅਦ ਪੁਲਿਸ ਇਸ ਵੈਨ ਦੀ ਤਲਾਸ਼ ਕਰ ਰਹੀ ਸੀ। ਪੁਲਿਸ ਬੁਲਾਰੇ ਰੁਆਨ ਗੁਨਾਸੇਕਰਾ ਨੇ ਦੱਸਿਆ ਕਿ ਵੈਨ ਸਮੇਤ 3 ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਿਨਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਂਧਰ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੈਨਾ ਨੇ ਹੋਟਲ ਮਾਲਿਕਾਂ ਨੂੰ ਵਿੱਤੀਏ ਮਦਤ ਦਾ ਭਰੋਸਾ ਦਿੱਤਾ ਹੈ।
ਦੱਸਣਯੋਗ ਹੈ ਕਿ ਇਨਾਂ ਹਮਲਿਆਂ 'ਚ 253 ਲੋਕ ਮਾਰੇ ਗਏ ਸਨ ਜਦਕਿ 500 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਜਿਨਾਂ ਮਾਰੇ ਗਏ ਲੋਕਾਂ ਚੋਂ 11 ਭਾਰਤੀ ਸਮੇਤ 42 ਵਿਦੇਸ਼ੀ ਵੀ ਸ਼ਾਮਲ ਸਨ। ਅਮਰੀਕਾ ਨੇ ਸ੍ਰੀਲੰਕਾ 'ਚ ਹੋਰ ਹਮਲੇ ਹੋਣ ਦਾ ਖ਼ਦਸ਼ਾ ਜਾਹਿਰ ਕੀਤਾ ਅਤੇ ਸ੍ਰੀਲੰਕਾ ਨੂੰ ਇਸ ਸਬੰਧੀ ਸੁਚੇਤ ਵੀ ਕੀਤਾ। ਸ੍ਰੀਲੰਕਾ 'ਚ ਅਮਰੀਕੀ ਦੂਤਾਵਾਸ ਦੇ ਬੁਲਾਰੇ ਨੈਂਸੀ ਵੈਨਹਾਰਨ ਨੇ ਕਿਹਾ ਕਿ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਹੁਣ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਜੋ ਦੇਸ਼ 'ਚ ਹੋਰ ਵੀ ਹਮਲਿਆਂ ਨੂੰ ਅੰਜਾਮ ਦੇ ਸਕਦੇ ਹਨ।