ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਦੋ ਨਾਬਾਲਗ ਹਿੰਦੂ ਭੈਣਾਂ ਨੂੰ ਅਗਵਾ ਕਰ ਧੱਕੇ ਨਾਲ ਉਨ੍ਹਾਂ ਨੂੰ ਇਸਲਾਮ ਅਪਣਾਉਣ ਅਤੇ ਫ਼ਿਰ ਉਨ੍ਹਾਂ ਦਾ ਵਿਆਹ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਘੱਟ ਗਿਣਤੀ ਲੋਕਾਂ ਵਲੋਂ ਵਿਰੋਧ-ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਹੋਲੀ ਦੀ ਸ਼ਾਮ ਨੂੰ 13 ਸਾਲਾ ਰਵੀਨਾ ਅਤੇ 15 ਸਾਲਾ ਰੀਨਾ ਦਾ ਪ੍ਰਭਾਵਸ਼ਾਲੀ ਲੋਕਾਂ ਦੇ ਇੱਕ ਸਮੂਹ ਨੇ ਘੋਟੀ ਜਿਲ੍ਹੇ ਵਿਖੇ ਸਥਿਤ ਉਨ੍ਹਾਂ ਦੇ ਘਰੋਂ ਅਗਵਾ ਕੀਤਾ।
ਅਗਵਾ ਤੋਂ ਬਾਅਦ ਹੀ ਇੱਕ ਵੀਡੀਓ ਵੀ ਵਾਇਰਲ ਹੋਇਆ, ਜਿਸ ਵਿੱਚ ਮੌਲਵੀ ਦੋਵੇਂ ਕੁੜੀਆਂ ਦੇ ਨਿਕਾਹ ਕਰਵਾਉਂਦੇ ਹੋਏ ਦਿਖ ਰਿਹਾ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਲੜਕੀਆਂ ਇਸਲਾਮ ਅਪਣਾਉਣ ਦਾ ਦਾਅਵਾ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਨਾਲ ਕਿਸੇ ਨੇ ਵੀ ਜ਼ਬਰਦਸਤੀ ਨਹੀਂ ਕੀਤੀ ਹੈ।
ਪਾਕਿਸਤਾਨ ਵਿੱਚ ਹਿੰਦੂ ਸਮੂਹਾਂ ਨੇ ਘਟਨਾ ਵਿਰੁੱਧ ਵਿਆਪਕ ਪੱਧਰ ਤੇ ਪ੍ਰਦਰਸ਼ਨ ਕਰ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦੇਸ਼ ਦੇ ਘੱਟ ਗਿਣਤੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਇਆ।
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਇਸ ਮਾਮਲੇ ਸਬੰਧੀ ਪਾਕਿਸਤਾਨ ਵਿਖੇ ਭਾਰਤੀ ਹਾਈ ਕਮਿਸ਼ਨਰ ਤੋਂ ਜਾਣਕਾਰੀ ਮੰਗੀ ਹੈ।