ਕੁਇਟਾ, ਪਾਕਿਸਤਾਨ: ਦੱਖਣ ਪੱਛਮੀ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ 'ਚ ਸ਼ਾਮ ਦੀ ਨਮਾਜ਼ ਵੇਲੇ ਮਸਜਿਦ ਵਿੱਚ ਹੋਏ ਬੰਬ ਧਮਾਕੇ 'ਚ 15 ਦੀ ਮੌਤ ਹੋ ਗਈ ਅਤੇ 19 ਹੋਰ ਜ਼ਖ਼ਮੀ ਹੋ ਗਏ। ਕੁਇਟਾ ਦੇ ਡੀਆਈਜੀ ਅਬਦੁਲ ਰਜ਼ਾਕ ਚੀਮਾ ਅਤੇ ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ 'ਚ ਪੁਲਿਸ ਦਾ ਇੱਕ ਡੀਐਸਪੀ ਅਤੇ ਮਸਜਿਦ ਦਾ ਇਮਾਮ ਵੀ ਸ਼ਾਮਲ ਹੈ। ਇੱਕ ਸੀਨੀਅਰ ਪੁਲਿਸ ਅਧੀਕਾਰੀ ਨੇ ਇਹ ਵੀ ਦੱਸਿਆ ਕਿ ਇਹ ਆਤਮਘਾਤੀ ਬੰਬ ਧਮਾਕਾ ਸੀ। ਇਸਦੇ ਨਾਲ ਹੀ ਬਲੋਚਿਸਤਾਨ ਸਰਕਾਰ ਦੇ ਇੱਕ ਬੁਲਾਰੇ ਨੇ ਵੀ ਹਮਲੇ ਨੂੰ ਆਤਮਘਾਤੀ ਦੱਸਿਆ ਹੈ।
ਬਲੋਚਿਸਤਾਨ ਸੂਬੇ ਦੇ ਪੁਲਿਸ ਮੁਖੀ ਮੋਹਸੀਨ ਬੱਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕੇ ਬੰਬ ਧਮਾਕਾ ਕੋਇਟਾ ਸ਼ਹਿਰ ਦੇ ਨਾਲ ਲਗਦੇ ਇੱਕ ਛੋਟੇ ਸ਼ਹਿਰ 'ਚ ਹੋਇਆ ਹੈ। ਬੱਟ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਹੋਰ ਇਜ਼ਾਫ਼ਾ ਹੋ ਸਕਦਾ ਹੈ ਕਿਉਂਕਿ ਕੁੱਝ ਜ਼ਖ਼ਮੀਆਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।
ਬੱਟ ਨੇ ਦੱਸਿਆ ਕਿ ਬੰਬ ਰੋਧੀ ਦਸਤੇ ਘਟਨਾ ਦੀ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।