ਨਵੀਂ ਦਿੱਲੀ: ਅਮਰੀਕਾ ਦੇ ਕੈਲੇਫੋਰਨੀਆ ਵਿਚ ਜਲ ਸੈਨਾ ਦੇ ਸੈਨ ਡਿਐਗੋ ਬੇਸ ਉੱਤੇ ਤੈਨਾਤ ਏਅਰਕ੍ਰਾਫਟ ਕੈਰੀਅਰ ਬੋਨਹੋਮੇ ਰਿਚਰਡ 'ਚ ਅੱਗ ਲੱਗ ਗਈ ਹੈ ਜਿਸ ਕਾਰਨ 21 ਲੋਕ ਜ਼ਖ਼ਮੀ ਹੋਏ ਹਨ। ਜਲ ਸੈਨਾ ਦੇ ਜ਼ਮੀਨੀ ਬਲ ਦੇ ਐਤਵਾਰ ਨੂੰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਇੱਕ ਸਥਾਨਕ ਹਸਪਤਾਲ ਵਿੱਚ 17 ਫ਼ੌਜੀਆਂ ਅਤੇ 4 ਆਮ ਨਾਗਰਿਕਾਂ ਦਾ ਇਲਾਜ ਚੱਲ ਰਿਹਾ ਹੈ। ਉਹ ਸਾਰੇ ਖ਼ਤਰੇ ਤੋਂ ਬਾਹਰ ਹਨ। ਜਹਾਜ਼ ਉੱਤੇ ਸਾਰਿਆਂ ਨਾਲ ਸੰਪਰਕ ਕੀਤਾ ਗਿਆ ਅਤੇ ਅੱਦ ਬੁਝਾਊ ਦਸਤੇ ਨੂੰ ਅੱਗ ਬੁਝਾਉਣ ਵਿੱਚ ਮਦਦ ਕਰਨ ਦੇ ਹੁਕਮ ਦਿੱਤੇ ਗਏ ਹਨ।"
ਜਲ ਸੈਨਾ ਮੁਤਾਬਕ ਸੈਨ ਡਿਐਗੋ ਬੇਸ ਉੱਤੇ ਤੈਨਾਤ ਜਹਾਜ਼ ਉੱਤੇ 2 ਹੋਰ ਜਹਾਜ਼ਾਂ ਨੂੰ ਅੱਗ ਤੋਂ ਦੂਰ ਲੈ ਕੇ ਜਾਣ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਏਅਰਕ੍ਰਾਫਟ ਕੈਰੀਅਰ ਬੋਨਹੋਮੇ ਰਿਚਰਡ ਵਿੱਚ 160 ਫ਼ੌਜੀ ਸਵਾਰ ਸਨ। ਨਿਯਮਿਤ ਰੱਖ-ਰਖਾਵ ਦੌਰਾਨ ਜਹਾਜ਼ ਉੱਤੇ ਅੱਗ ਲੱਗੀ।
ਜਲ ਸੈਨਾ ਦਾ ਕਹਿਣਾ ਹੈ ਕਿ ਐਤਵਾਰ ਨੂੰ ਜਹਾਜ਼ ਉੱਤੇ ਸਵਾਰ ਸਾਰੇ ਮਲਾਹਾਂ ਨੂੰ ਹਟਾ ਦਿੱਤਾ ਗਿਆ ਹੈ। ਏਅਰਕ੍ਰਾਫਟ ਕੈਰੀਅਰ ਬੋਨਹੋਮੇ ਰਿਚਰਡ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।