ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੈਟਿਕ ਉਮੀਦਵਾਰ ਜੋ ਬਿਡੇਨ ਵਿਚਕਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਪਹਿਲਾਂ ਹੋਣ ਵਾਲੀ ਦੂਜੀ ਬਹਿਸ ਅਧਿਕਾਰਤ ਤੌਰ 'ਤੇ ਰੱਦ ਹੋ ਗਈ ਹੈ।
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚਕਾਰ ਬਹਿਸ ਸਬੰਧੀ ਗੈਰ ਪਾਰਟੀ ਕਮੀਸ਼ਨ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਸੀ ਕਿ 15 ਅਕਤੂਬਰ ਨੂੰ ਹੋਣ ਵਾਲੀ ਬਹਿਸ ਰੱਦ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਕਮੀਸ਼ਨ ਨੇ ਐਲਾਨ ਕੀਤਾ ਸੀ ਕਿ ਟਰੰਪ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਇਹ ਡਿਜੀਟਲ ਢੰਗ ਨਾਲ ਕਰਵਾਈ ਜਾਵੇਗੀ। ਪਰ ਇਸ ਐਲਾਨ ਦੇ ਇੱਕ ਦਿਨ ਬਾਅਦ ਹੀ ਬਹਿਸ ਰੱਦ ਕਰ ਦਿੱਤੀ ਗਈ।
ਦੱਸਣਯੋਗ ਹੈ ਕਿ ਟਰੰਪ ਨੇ ਡੀਜੀਟਲ ਬਹਿਸ ਤੋਂ ਮਨਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਬਿਡੇਨ ਨੇ ਉਸ ਦਿਨ ਸਥਾਨਕ ਨਿਊਜ਼ ਚੈਨਲ ਦੇ ਨਾਲ ਟਾਊਨ ਹਾਲ ਕਾਰਜਕਰਮ ਤੈਅ ਕੀਤਾ ਸੀ।
ਬਾਅਦ 'ਚ ਰਾਸ਼ਟਰਪਤੀ ਟਰੰਪ ਦੇ ਡਾਕਟਰ ਨੇ ਉਨ੍ਹਾਂ ਨੂੰ ਸਾਰਵਜਨਕ ਸਮਾਰੋਹ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਟਰੰਪ ਅਤੇ ਉਨ੍ਹਾਂ ਦੀ ਟੀਮ ਨੇ ਆਹਮੋ ਸਾਹਮਣੇ ਬਹਿਸ ਕਰਵਾਉਣ ਦੀ ਕਮੀਸ਼ਨ ਨੂੰ ਅਪੀਲ ਵੀ ਕੀਤੀ ਸੀ, ਪਰ ਕਮੀਸ਼ਨ ਨੇ ਸਿਹਤ ਸਬੰਧੀ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਮੀਸ਼ਨ ਡੀਜੀਟਲ ਮਾਧਿਅਮ ਰਾਹੀਂ ਬਹਿਸ ਕਰਵਾਉਣ ਦਾ ਆਪਣਾ ਫ਼ੈਸਲਾ ਨਹੀਂ ਬਦਲੇਗਾ।