ਵਾਸ਼ਿੰਗਟਨ: ਭਾਰਤ ਦੇ ਚੀਨ ਨਾਲ ਸਰਹੱਦ ਨੂੰ ਲੈ ਕੇ ਹੋਏ ਵਿਵਾਦ 'ਤੇ ਵਿਚੋਲਗੀ ਦੀ ਪੇਸ਼ਕਸ਼ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਸਬੰਧੀ ਗੱਲ ਕੀਤੀ ਹੈ ਪਰ ਚੀਨ ਨਾਲ ਹੋ ਰਹੇ ਵਿਵਾਦ ਕਰਕੇ ਉਹ ਚੰਗੇ ਮੂਡ ਵਿੱਚ ਨਹੀਂ ਹਨ।
ਵ੍ਹਾਈਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਜਦੋਂ ਟਰੰਪ ਨੂੰ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਵਿਵਾਦ ਬਾਰੇ ਪੁੱਛਿਆ ਗਿਆ ਤਾਂ, ਉਨ੍ਹਾਂ ਕਿਹਾ ਕਿ ‘ਦੋਹਾਂ ਦੇਸ਼ਾਂ ਦਰਮਿਆਨ ਇੱਕ ਵੱਡਾ ਵਿਵਾਦ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਕਰਦਾ ਹਾਂ ਤੇ ਉਹ ਬਹੁਤ ਚੰਗੇ ਵਿਅਕਤੀ ਹਨ।
ਟਰੰਪ ਨੇ ਅੱਗੇ ਕਿਹਾ, 'ਭਾਰਤ ਅਤੇ ਚੀਨ ਵਿਚਾਲੇ ਇਕ ਵੱਡਾ ਵਿਵਾਦ ਹੈ, ਇਹ ਵਿਵਾਦ 1.4 ਬਿਲੀਅਨ ਲੋਕਾਂ ਅਤੇ ਦੋਵਾਂ ਦੇਸ਼ਾਂ ਦੀ ਬਹੁਤ ਸ਼ਕਤੀਸ਼ਾਲੀ ਫੌਜ ਵਿਚਾਲੇ ਹੈ। ਭਾਰਤ ਖੁਸ਼ ਨਹੀਂ ਹੈ ਅਤੇ ਇਹ ਸੰਭਵ ਹੈ ਕਿ ਚੀਨ ਵੀ ਖੁਸ਼ ਨਹੀਂ ਹੈ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਚੀਨ ਨਾਲ ਚਲ ਰਹੇ ਵਿਵਾਦ ਨੂੰ ਲੈ ਕੇ ਗੱਲ ਬਾਤ ਕੀਤੀ ਸੀ, ਪਰ ਉਹ ਹਾਲੇ ਚੰਗੇ ਮੂਡ ਵਿੱਚ ਨਹੀਂ ਹਨ।'
ਯੂਐਸ ਦੇ ਰਾਸ਼ਟਰਪਤੀ ਟਰੰਪ ਨੇ ਇਸ ਤੋਂ ਪਹਿਲਾਂ 27 ਮਈ ਨੂੰ ਵਿਚੋਲਗੀ 'ਤੇ ਟਵੀਟ ਕੀਤਾ ਸੀ, "ਅਸੀਂ ਭਾਰਤ ਅਤੇ ਚੀਨ ਦੋਵਾਂ ਨੂੰ ਸੂਚਿਤ ਕੀਤਾ ਹੈ ਕਿ ਅਮਰੀਕਾ ਇਸ ਸਮੇਂ ਚੱਲ ਰਹੇ ਸਰਹੱਦੀ ਵਿਵਾਦ ਵਿੱਚ ਵਿਚੋਲਗੀ ਕਰਨ ਲਈ ਤਿਆਰ ਅਤੇ ਸਮਰਥ ਹੈ।"
ਦੱਸ ਦੇਈਏ ਕਿ ਐਤਵਾਰ ਨੂੰ ਭਾਰਤ ਵਲੋਂ ਇਹ ਕਿਹਾ ਗਿਆ ਸੀ ਕਿ ਉਹ ਚੀਨ ਨਾਲ ਇਸ ਵਿਵਾਦ ਨੂੰ ਸ਼ਾਂਤਮਈ ਢਂਗ ਨਾਲ ਸੁਲਝਾਉਣਾ ਚਾਹੁੰਦਾ ਹੈ। ਚੀਨ ਵੱਲੋਂ ਗੱਲਬਾਤ ਰਾਹੀਂ ਹੱਲ ਕੱਢਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਬੁੱਧਵਾਰ ਨੂੰ ਬੀਜਿੰਗ ਵਿੱਚ ਕਿਹਾ ਕਿ ਚੀਨ ਅਤੇ ਭਾਰਤ ਵਿੱਚ ਗੱਲਬਾਤ ਦੇ ਸਾਰੇ ਵਿਕਲਪ ਹਨ ਅਤੇ ਇਸ ਦੇ ਜ਼ਰੀਏ ਇਹ ਮਸਲਾ ਹੱਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ 'ਤੇ ਬੀਐੱਸਐੱਫ਼ ਤੇ ਪੁਲਿਸ ਨੇ ਹੈਰੋਇਨ ਕੀਤੀ ਬਰਾਮਦ