ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ਸੰਸਦ ਮੈਂਬਰ ਜੋਹਨ ਲੂਇਸ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਸੋਗ ਪ੍ਰਗਟਾਇਆ। ਜੋਹਨ ਲੂਇਸ 80 ਸਾਲ ਦੇ ਸਨ।
ਟਰੰਪ ਨੇ ਟਵੀਟ ਕਰ ਲਿਖਿਆ ਕਿ ਉਹ ਮਨੁੱਖੀ ਅਧਿਕਾਰਾਂ ਦੇ ਨੇਤਾ ਜੋਹਨ ਲੂਇਸ ਦੀ ਮੌਤ ਦੀ ਖ਼ਬਰ ਤੋਂ ਦੁਖੀ ਹਨ। ਮੇਲਾਨੀਆ ਅਤੇ ਪਰਿਵਾਰ ਨਾਲ ਮੈਨੂੰ ਹਮਦਰਦੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ ਕਿ ਨਾਗਰਿਕ ਅਧਿਕਾਰਾਂ, ਅਹਿੰਸਾ ਅਤੇ ਗਾਂਧੀਵਾਦੀ ਕਦਰਾਂ ਕੀਮਤਾਂ ਦੇ ਚੈਂਪੀਅਨ ਲੂਇਸ ਹਮੇਸ਼ਾਂ ਪ੍ਰੇਰਤ ਕਰਦੇ ਰਹਿਣਗੇ।
ਜੀਵਤ ਚਾਰੋਂ ਸਾਬਕਾ ਅਮਰੀਕੀ ਰਾਸ਼ਟਰਪਤੀਆਂ, ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਵੱਡੀ ਗਿਣਤੀ 'ਚ ਸੰਸਦ ਮੈਂਬਰਾਂ ਨੇ ਲੂਇਸ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।
ਅਲਬਾਮਾ ਦੇ ਸੇਲਮਾ ਵਿੱਚ 50 ਸਾਲ ਪਹਿਲਾਂ ਐਡਮੰਡ ਪੈਟਸ ਬ੍ਰਿਜ ਉੱਤੇ ਉਨ੍ਹਾਂ ਨਾਲ ਕੁੱਟਮਾਰ ਹੋਈ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਵਿੱਚ ਮਨੁੱਖੀ ਅਧਿਕਾਰੀ ਅੰਦੋਲਨ ਵਿੱਚ ਤੇਜ਼ੀ ਆਈ।
ਟਰੰਪ ਅਤੇ ਲੂਇਸ ਵਿੱਚ ਵਿਚਾਰਧਾਰਾ ਕਾਰਨ ਮਤਭੇਦ ਸਨ ਅਤੇ ਦੋਹਾਂ ਨੇ ਇੱਕ ਦੂਜੇ ਨੂੰ ਜਨਤਕ ਤੌਰ 'ਤੇ ਨਿਸ਼ਾਨਾ ਬਣਾਇਆ। ਟਰੰਪ ਦੇ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਲੂਇਸ ਨੇ ਕਿਹਾ ਕਿ ਉਹ ਟਰੰਪ ਨੂੰ ਜਾਇਜ਼ ਰਾਸ਼ਟਰਪਤੀ ਨਹੀਂ ਮੰਨਦੇ। ਲੂਈਸ ਦੀ ਮੌਤ 'ਤੇ ਤੁਰੰਤ ਸੋਗ ਜ਼ਾਹਿਰ ਨਾ ਕਰਨ 'ਤੇ ਟਰੰਪ ਦੀ ਅਲੋਚਨਾ ਕੀਤੀ ਗਈ ਸੀ।
ਲੂਇਸ ਨੇ ਦਸੰਬਰ 2019 ਵਿੱਚ ਕੈਂਸਰ ਤੋਂ ਪੀੜਤ ਹੋਣ ਦਾ ਐਲਾਨ ਕੀਤਾ ਸੀ। ਲੂਇਸ 'ਬਿਗ ਸਿਕਸ' ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਰਕਰਾਂ ਚੋਂ ਇੱਕ ਸਨ। ਅੰਦੋਲਨ ਕਰਨ ਵਾਲੇ ਸਮੂਹ ਦੀ ਅਗਵਾਈ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਕੀਤੀ ਸੀ।