ਬਗਦਾਦ: ਇਰਾਕ ਦੇ ਇਰਬਿਲ ਸ਼ਹਿਰ 'ਚ ਐਤਵਾਰ ਨੂੰ ਅਮਰੀਕੀ ਵਣਜ ਦੂਤਘਰ 'ਤੇ ਘੱਟੋ-ਘੱਟ 6 ਮਿਜ਼ਾਈਲਾਂ ਦਾਗੀਆਂ ਗਈਆਂ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਮਿਜ਼ਾਈਲਾਂ ਕੌਂਸਲਖਾਨੇ 'ਤੇ ਹੀ ਡਿੱਗੀਆਂ। ਇਰਾਕ ਅਤੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਮਿਜ਼ਾਈਲਾਂ ਗੁਆਂਢੀ ਦੇਸ਼ ਈਰਾਨ ਤੋਂ ਦਾਗੀਆਂ ਗਈਆਂ ਸਨ। ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਅਤੇ ਉਹ ਕਿੱਥੇ ਡਿੱਗੀਆਂ। ਉਨ੍ਹਾਂ ਕਿਹਾ ਕਿ ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਇਨ੍ਹਾਂ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਹਮਲੇ ਅੱਧੀ ਰਾਤ ਤੋਂ ਬਾਅਦ ਕੀਤੇ ਗਏ ਹਨ ਅਤੇ ਖੇਤਰ ਵਿੱਚ ਢਾਂਚਾਗਤ ਨੁਕਸਾਨ ਹੋਇਆ ਹੈ।
ਇਸ ਦੇ ਨਾਲ ਹੀ, ਸਮਾਚਾਰ ਏਜੰਸੀ ਏਐਨਆਈ ਨੇ ਐਸੋਸੀਏਟਿਡ ਪ੍ਰੈਸ ਦੇ ਮੁਤਾਬਕ ਟਵੀਟ ਕਰਦੇ ਹੋਏ ਲਿਖਿਆ ਕਿ ਇਰਾਕੀ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਰਾਕ ਦੇ ਉੱਤਰੀ ਸ਼ਹਿਰ ਇਰਬਿਲ ਵਿੱਚ ਅਮਰੀਕੀ ਵਣਜ ਦੂਤਘਰ ਵੱਲ 12 ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਅਮਰੀਕੀ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਦੇਸ਼ ਈਰਾਨ ਤੋਂ ਸ਼ਹਿਰ 'ਤੇ ਮਿਜ਼ਾਈਲਾਂ ਦਾਗੀਆਂ ਗਈਆਂ ਸਨ।
ਇਕ ਹੋਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਬੈਲਿਸਟਿਕ ਮਿਜ਼ਾਈਲਾਂ ਈਰਾਨ ਤੋਂ ਦਾਗੀਆਂ ਗਈਆਂ ਸਨ। ਟੈਲੀਵਿਜ਼ਨ ਚੈਨਲ ਕੁਰਦਿਸਤਾਨ 24, ਜਿਸਦਾ ਅਮਰੀਕੀ ਵਣਜ ਦੂਤਘਰ ਦੇ ਨੇੜੇ ਇੱਕ ਦਫ਼ਤਰ ਹੈ, ਨੇ ਹਮਲੇ ਤੋਂ ਬਾਅਦ ਆਪਣੇ ਦਫ਼ਤਰ ਵਿੱਚ ਕੱਚ ਅਤੇ ਮਲਬੇ ਦੇ ਟੁਕੜਿਆਂ ਦੀਆਂ ਤਸਵੀਰਾਂ ਦਿਖਾਈਆਂ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਰਬਿਲ ਨੂੰ ਐਤਵਾਰ ਸਵੇਰੇ "ਕਈ ਮਿਜ਼ਾਈਲਾਂ" ਨਾਲ ਮਾਰਿਆ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਬਲ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਹੋਰ ਵੇਰਵੇ ਦੇਣਗੇ।
ਇਹ ਵੀ ਪੜ੍ਹੋ: Paytm ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ !