ਵਾਸ਼ਿੰਗਟਨ: ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਆਗੂਆਂ ਦੇ ਇੱਕ ਹਾਈ-ਪ੍ਰੋਫਾਈਲ ਸਮੂਹ 'ਇੰਡੀਆਸਪੋਰਾ' ਨੇ ਅਮਰੀਕਾ ਅਤੇ ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਿਤ ਗਰੀਬ ਲੋਕਾਂ ਦੀ ਮਦਦ ਲਈ 6 ਲੱਖ ਡਾਲਰ ਜੁਟਾਏ ਹਨ। ਕੋਵਿਡ-19 ਲਈ ਸ਼ਰੂ ਕੀਤੀ ਗਈ ਮੁਹਿੰਮ 'ਚਲੋਗਿਵ' ਦੇ ਜ਼ਰੀਏ ਇੰਡੀਆਸਪੋਰਾ ਨੇ ਆਪਣੇ ਨੈੱਟਵਰਕ ਨਾਲ 5 ਲੱਖ ਅਮਰੀਕੀ ਡਾਲਰ ਜੁਟਾਏ ਹਨ।
ਆਨਲਾਈਨ ਚਲੋਗਿਵ ਮੁਹਿੰਮ ਨਾਲ ਜੋੜੇ ਡਾਲਰ
ਇੰਡੀਆਸਪੋਰਾ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਆਪਣੀ ਇਸ ਆਨਲਾਈਨ ਮੁਹਿੰਮ ਲਈ 1 ਲੱਖ ਡਾਲਰ ਦਾਨ ਮਿਲਣ ਦਾ ਐਲਾਨ ਕੀਤਾ। ਪੇਪਸਿਕੋ ਦੀ ਸਾਬਕਾ ਸੀਈਓ ਇੰਦਰਾ ਨੂਯੀ ਨੇ ਕਿਹਾ,''ਇਸ ਮਹਾਂਮਾਰੀ ਨੇ ਪਹਿਲਾਂ ਤੋਂ ਮੌਜੂਦ ਭੁੱਖ ਦੇ ਸੰਕਟ ਨੂੰ ਸਾਹਮਣੇ ਲਿਆ ਦਿੱਤਾ ਹੈ।''
ਉਨ੍ਹਾਂ ਕਿਹਾ, ''ਇਸ ਸਮੇਂ ਸਾਨੂੰ ਇਕੱਠੇ ਹੋ ਕੇ ਇਕ ਸਮਾਜ ਦੇ ਰੂਪ ਵਿੱਚ ਅੱਗੇ ਆਉਣਾ ਚਾਹੀਦਾ ਹੈ। ਲੋਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ਲਈ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਹੁਣ, ਸਗੋਂ ਭਵਿੱਖ ਵਿਚ ਵੀ ਫਾਇਦਾ ਹੋਵੇਗਾ।''
ਭਾਰਤ ਤੇ ਅਮਰੀਕਾ 'ਚ ਇਸ ਤਰ੍ਹਾਂ ਆਵੇਗੀ ਰਾਸ਼ੀ ਕੰਮ
ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇੰਡੀਆਸਪੋਰਾ ਵੱਲੋਂ ਇਕੱਠੀ ਕੀਤੀ ਗਈ ਰਾਸ਼ੀ ਦੀ ਵਰਤੋਂ ਅਮਰੀਕਾ ਵਿਚ 'ਫੀਡਿੰਗ ਅਮਰੀਕਾ' ਅਤੇ ਭਾਰਤ ਵਿਚ 'ਗੂੰਜ' ਜ਼ਰੀਏ ਜ਼ਮੀਨੀ ਪੱਧਰ 'ਤੇ ਗਰੀਬਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ। ਇਹ ਦੋਵੇਂ ਗੈਰ-ਲਾਭਕਾਰੀ ਸੰਗਠਨ ਹਨ। ਬਿਆਨ ਵਿਚ ਕਿਹਾ ਗਿਆ ਕਿ ਇਸ ਸਮੇਂ ਅਮਰੀਕਾ ਅਤੇ ਭਾਰਤ ਦੋਹਾਂ ਸਾਹਮਣੇ ਮੌਜੂਦ ਸਭ ਤੋਂ ਵੱਡੀਆਂ ਚੁਣੌਤੀਆਂ ਵਿਚ ਇਕ ਭੁੱਖ ਦੀ ਸਮੱਸਿਆ ਹੈ।
ਸਿਲੀਕਾਨ ਵੈਲੀ ਦੇ ਇਕ ਬਹੁਤ ਵੱਡੇ ਕਾਰੋਬਾਰੀ ਅਤੇ ਪੂੰਜੀਪਤੀ ਅਤੇ 'ਇੰਡੀਆਸਪੋਰਾ ਫਾਊਂਡਰਜ਼ ਸਰਕਿਲ' ਦੇ ਮੈਂਬਰ ਆਨੰਦ ਰਾਜਾਰਮਨ ਨੇ ਕਿਹਾ,''ਕੋਵਿਡ-19 ਦੇ ਕਾਰਨ ਸਾਨੂੰ ਇਕ ਵਿਲੱਖਣ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।'' ਉਨ੍ਹਾਂ ਨੇ ਆਪਣੀ ਪਤਨੀ ਕੌਸ਼ੀ ਆਦਿਸੇਸ਼ਨ ਦੇ ਨਾਲ ਮਿਲ ਕੇ ਇਸ ਮੁਹਿੰਮ ਲਈ ਵੱਡੀ ਰਾਸ਼ੀ ਦਾਨ ਕੀਤੀ ਹੈ।
ਇੰਫੋਸਿਸ ਦੇ ਸਾਬਕਾ ਸੰਸਥਾਪਕ ਨੰਦਨ ਨੀਲੇਕਣੀ, ਉਨ੍ਹਾਂ ਦੀ ਪਤਨੀ ਰੋਹਿਣੀ ਨੀਲੇਕਣੀ ਅਤੇ ਬਾਲੀਵੁੱਡ ਅਦਾਕਾਰਾ ਨੰਦਿਤਾ ਦਾਸ ਨੇ ਵੀ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ। ਗੂੰਜ ਦੇ ਸੰਸਥਾਪਕ ਅਤੇ ਮੈਗਸੈਸੇ ਪੁਰਸਕਾਰ ਜੇਤੂ ਅੰਸ਼ੂ ਗੁਪਤਾ ਨੇ ਕਿਹਾ, ''ਆਫਤਾਂ ਵਿਚ ਕੰਮ ਕਰਨ ਦੇ ਸਾਡੇ ਵਿਆਪਕ ਅਨੁਭਵ ਦੇ ਬਾਵਜੂਦ ਛੋਟੇ. ਮੱਧ ਮਿਆਦ ਵਾਲੇ ਕੰਮ ਲਈ ਵੱਡੇ ਪੱਧਰ 'ਤੇ ਸਰੋਤ ਇਕੱਠੇ ਕਰਨ ਦੀ ਲੋੜ ਹੈ।''
ਇਹ ਵੀ ਪੜ੍ਹੋ: ਕੋਰੋਨਾ ਕਾਰਨ ਆਰਥਿਕ ਤੰਗੀ ਹੇਠਾਂ ਆ ਸਕਦੀ ਹੈ ਦੁਨੀਆ: ਆਰਬੀਆਈ