ਨਵੀਂ ਦਿੱਲੀ: ਕੈਲੀਫੋਰਨੀਆ ਦੇ ਰਾਜਪਾਲ ਨੇ ਪੂਰੇ ਰਾਜ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਰਾਜਪਾਲ ਨੇ ਸੂਬੇ ਦੇ ਜੰਗਲਾਂ ਵਿਚ ਐਤਵਾਰ ਦੇਰ ਸ਼ਾਮ ਨੂੰ ਵੱਧ ਰਹੀ ਅੱਗ ਦੇ ਮੱਦੇਨਜ਼ਰ ਸਾਰੇ ਸੈਰ-ਸਪਾਟਾ ਸਥਾਨਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ।
ਰਾਜ ਦੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੈਨ ਫ੍ਰਾਂਸਿਸਕੋ ਦੇ ਉੱਤਰ ਵਿਚ ਕਿਨਕਾਡੇ 'ਚ ਲੱਗੀ ਅੱਗ ਰਾਤੋ ਰਾਤ 30,000 ਏਕੜ ਵਿਚ ਫੈਲ ਗਈ ਸੀ।
ਜ਼ਿਕਰਯੋਗ ਹੈ ਕਿ ਅੱਗ ਲੱਗਣ ਦੀ ਇਹ ਘਟਨਾ ਕੈਲੀਫੋਰਨੀਆ ਵਿਚ ਸਭ ਤੋਂ ਵਿਨਾਸ਼ਕਾਰੀ ਘਟਨਾ ਹੈ। ਅੱਗ ਬੁੱਧਵਾਰ ਨੂੰ ਸ਼ੁਰੂ ਹੋਈ ਅਤੇ 145 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਨਾਲ ਫੈਲਦੀ ਗਈ। ਰਾਜਪਾਲ ਗੈਵਿਨ ਨੇ ਐਤਵਾਰ ਨੂੰ ਤੇਜ਼ ਹਵਾਵਾਂ ਕਾਰਨ ਅੱਗ ਦੇ ਤੇਜ਼ੀ ਨਾਲ ਫੈਲਣ ਦੇ ਡਰੋਂ, ਰਾਜ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ।
ਉਨ੍ਹਾਂ ਕਿਹਾ, ਅਸੀਂ ਇਸ ਅੱਗ 'ਤੇ ਕਾਬੂ ਪਾਉਣ ਲਈ ਹਰ ਕੋਸ਼ਿਸ਼ ਕਰ ਰਹੇ ਹਾਂ। ਇਸਦੇ ਲਈ ਅਸੀਂ ਬਹੁਤ ਸਾਰੀਆਂ ਏਜੰਸੀਆਂ ਤੋਂ ਸਹਿਯੋਗ ਲੈ ਰਹੇ ਹਾਂ। ਇਸ ਐਲਾਨ ਦੇ ਅਨੁਸਾਰ, ਸੈਂਟਾ ਰੋਜ਼ ਅਤੇ ਸੋਨੋਮਾ ਖੇਤਰ ਦੇ ਲਗਭਗ 1 ਲੱਖ 80 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਜਾ ਚੁੱਕਾ ਹੈ।
ਦਮਕਲ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਖੇਤਰਾਂ ਵਿਚ ਅੱਗ ਦੀਆਂ ਲਾਟਾਂ ਫੈਲਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਦੱਸਿਆ ਕਿ ਲਗਭਗ 3000 ਫ਼ਾਇਰ ਕਰਮਚਾਰੀ ਹੈਲੀਕਾਪਟਰਾਂ ਅਤੇ ਏਅਰ ਟੈਂਕਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਐਤਵਾਰ ਨੂੰ ਕੁਝ ਇਲਾਕਿਆਂ ਤੋਂ ਜਗ੍ਹਾ ਖ਼ਾਲੀ ਕਰਨ ਦੇ ਆਦੇਸ਼ ਹਟਾ ਦਿੱਤੇ ਗਏ ਕਿਉਂਕਿ 1000 ਦਮਕਲ ਅਮਲੇ ਨੇ ਲਗਭਗ 4500 ਏਕੜ ਨੂੰ ਪ੍ਰਭਾਵਤ ਕਰਦਿਆਂ ਅੱਗ ‘ਤੇ ਕਾਬੂ ਪਾਇਆ।