ਨਵੀਂ ਦਿੱਲੀ: ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਤਬਾਹੀ ਮਚਾ ਰੱਖੀ ਹੈ। ਹੁਣ ਤੱਕ ਵਿਸ਼ਵ ਭਰ ਵਿੱਚ ਇਸ ਨਾਲ 83 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ 14 ਲੱਖ ਤੋਂ ਵੱਧ ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਹਾਲਾਤਾਂ ਵਿੱਚ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਬਿਆਨਬਾਜ਼ੀ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਟਰੰਪ ਨੇ WHO ਨੂੰ ਅਮਰੀਕਾ ਤੋਂ ਮਿਲਣ ਵਾਲੇ ਫੰਡ ਨੂੰ ਘਟਾਉਣ ਦੀ ਧਮਕੀ ਦਿੱਤੀ ਸੀ ਜਿਸ ਦਾ ਜਵਾਬ WHO ਦੇ ਡਾਇਰੈਕਟਰ ਜਰਨਲ ਨੇ ਪ੍ਰੈਸ ਕਾਨਫ਼ਰੰਸ ਕਰ ਦਿੱਤਾ।
WHO ਦੇ ਡਾਇਰੈਕਟਰ ਜਰਨਲ ਟੇਡਰੋਸ ਅਡਾਨੋਮ ਗੈਬਰੀਅਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਰਾਜਨੀਤੀਕਰਨ ਤੋਂ ਕੁਆਰੰਟਾਈਨ ਰਹੋ, ਪਾਰਟੀ, ਵਿਚਾਰਧਾਰਾ ਅਤੇ ਮਤਭੇਦਾਂ ਤੋਂ ਉੱਪਰ ਉੱਠੋ ਤੇ ਕੋਰੋਨਾ 'ਤੇ ਸਿਆਸਤ ਨਾ ਕਰੋ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਬਿਮਾਰੀ 'ਤੇ ਸਿਆਸਤ ਕਰਨਾ ਅੱਗ ਵਰਗਾ ਸਾਬਿਤ ਹੋ ਸਕਦਾ ਹੈ।
ਇਸ ਤੋਂ ਇਲਾਵਾ ਹੋਰ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਦੇਸ਼ ਵਿੱਚ ਇਸ ਸਬੰਧੀ ਰਾਜਨੀਤੀ ਕੀਤੀ ਜਾਂਦੀ ਹੈ ਤਾਂ ਇਹ ਵਾਇਰਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੀ ਪ੍ਰਣਾਲੀ ਭਾਵੇ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ, ਪਰ ਰਾਸ਼ਟਰ ਏਕਤਾ ਤੋਂ ਬਿਨ੍ਹਾਂ ਉਹ ਖ਼ਤਰੇ ਵਿੱਚ ਹੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਕੋਲ ਰਾਜਨੀਤੀ ਕਰਨ ਲਈ ਹੋਰ ਬਹੁਤ ਮੁੱਦੇ ਹੁੰਦੇ ਹਨ, ਪਰ ਕਿਰਪਾ ਕਰਕੇ ਇਸ ਨੂੰ ਰਾਜਨੀਤੀ ਵਜੋਂ ਨਾ ਵਰਤੋ।
ਜਾਣਕਾਰੀ ਲਈ ਇਹ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਟਰੰਪ ਨੇ WHO ਨੂੰ ਕੋਰੋਨਾ ਮਹਾਂਮਾਰੀ ਦੌਰਾਨ ਚੀਨ ਪੱਖੀ ਪੱਖਪਾਤੀ ਹੋਣ ਦਾ ਦੋਸ਼ ਲਾ ਕੇ WHO ਨੂੰ ਅਮਰੀਕਾ ਵੱਲੋਂ ਦਿੱਤੇ ਜਾਣ ਵਾਲੇ ਫੰਡ ਰੋਕਣ ਦੀ ਧਮਕੀ ਦਿੱਤੀ ਸੀ। ਇਹ ਵੀ ਦੱਸ ਦਈਏ ਕਿ ਅਮਰੀਕਾ WHO ਦੇ ਫੰਡ ਦਾ ਸਭ ਤੋਂ ਵੱਡਾ ਸਰੋਤ ਹੈ।