ਵਾਸ਼ਿੰਗਟਨ:ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਭਾਰਤ ਦੇ ਉਨ੍ਹਾਂ ਦੇ ਹਮਰੁਤਬਾ ਐਸ.ਜੈਸ਼ੰਕਰ ਨੇ ਇਸ ਹਫਤੇ ਵਿੱਚ ਦੂਜੀ ਵਾਰ ਅਫਗਾਨਿਸਤਾਨ ਵਿਚਲੇ ਹਾਲਾਤ ‘ਤੇ ਵੀਰਵਾਰ ਨੂੰ ਚਰਚਾ ਕੀਤੀ ਅਤੇ ਉਹ ਇਸ ਮਾਮਲੇ ‘ਤੇ ਨੇੜਲਾ ਤਾਲਮੇਲ ਜਾਰੀ ਰੱਖਣ ‘ਤੇ ਸਹਿਮਤ ਹੋਏ।
ਭਾਰਤ ਮੰਗਲਵਾਰ ਨੂੰ ਆਪਣੇ ਅੰਬੈਸਡਰ ਰੁਦਰੇਂਦਰ ਟੰਡਨ ਅਤੇ ਅੰਬੈਸੀ ਦੇ ਆਪਣੇ ਮੁਲਾਜਮਾਂ ਨੂੰ ਕਾਬੁਲ ਤੋਂ ਫੌਜ ਦੇ ਜਹਾਜ ਰਾਹੀਂ ਵਾਪਸ ਲੈ ਗਿਆ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ ਕਿ ਬਲਿੰਗਨ ਨੇ ਅਫਗਾਨਿਸਤਾਨ ਵਿਚਲੇ ਹਾਲਾਤ ‘ਤੇ ਚਰਚਾ ਕਰਨ ਲਈ ਜੈਸ਼ੰਕਰ ਨਾਲ ਵੀਰਵਾਰ ਨੂੰ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਦਾਾ ਬਿਓਰਾ ਦਿੰਦਿਆਂ ਇੱਕ ਬਿਆਨ ਵਿੱਚ ਕਿਹਾ, ‘ਬਲਿੰਕਨ ਅਤੇ ਜੈਸ਼ੰਕਰ ਨੇ ਅਫਗਾਨਿਸਤਾਨ ‘ਤੇ ਚਰਚਾ ਕੀਤੀ ਤੇ ਤਾਲਮੇਲ ਜਾਰੀ ਰੱਖਣ ‘ਤੇ ਸਹਿਮਤੀ ਜਿਤਾਈ।‘
ਗੱਲਬਾਤ ਤੋਂ ਬਾਅਦ ਬਲਿੰਕਨ ਨੇ ਟਵੀਟ ਕੀਤਾ:
ਗੱਲਬਾਤ ਤੋਂ ਬਾਅਦ ਬਲਿੰਕਨ ਨੇ ਟਵੀਟ ਕੀਤਾ, ‘ਜੈਸ਼ੰਕਰ ਦੇ ਨਾਲ ਵੀਰਵਾਰ ਨੂੰ ਅਫਗਾਨਿਸਤਾਨ ਦੇ ਬਾਰੇ ਅਰਥ ਭਰਪੂਰ ਗੱਲਬਾਤ ਕੀਤੀ। ਅਸੀਂ ਨੇੜਲਾ ਤਾਲਮੇਲ ਜਾਰੀ ਰੱਖਣ ‘ਤੇ ਸਹਿਮਤ ਹੋਏ।‘
ਬਲਿੰਕਨ ਅਤੇ ਜੈਸ਼ੰਕਰ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਗੱਲਬਾਤ ਕੀਤੀ ਸੀ ਅਤੇ ਜੰਗ ਪ੍ਰਭਾਵਤ ਦੇਸ਼ ਵਿੱਚ ਹਾਲਾਤ ‘ਤੇ ਚਰਚਾ ਕੀਤੀ ਸੀ। ਉਸ ਵੇਲੇ ਜੈਸ਼ੰਕਰ ਨੇ ਕਾਬੁਲ ਵਿੱਚ ਹਵਾਈ ਅੱਡੇ ਨੂੰ ਚਲਾਈ ਰੱਖਣ ਦੀ ਤੱਤਕਾਲੀ ਲੋੜ ‘ਤੇ ਜੋਰ ਦਿੱਤਾ ਸੀ। ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਫਗਾਨਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲੈ ਜਾਣ ਲਈ ਕੌਮਾਂਤਰੀ ਭਾਈਵਾਲਾਂ, ਖਾਸਕਰ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘ਅਜੇ ਸਾਡੇ ਸਾਹਮਣੇ ਆਪਣੇ ਨਾਗਰਿਕਾਂ ਨੂੰ ਆਪਣੇ ਦੇਸ਼ ਲਿਆਉਣ ਦਾ ਮੁੱਦਾ ਹੈ। ਭਾਰਤ ਦੇ ਮਾਮਲੇ ਵਿੱਚ ਭਾਰਤ ਦੇ ਨਾਗਰਿਕਾਂ, ਹੋਰ ਦੇਸ਼ਾਂ ਦੀਆਂ ਆਪਣੀਆਂ ਚਿੰਤਾਵਾਂ ਹਨ। ਅਸੀਂ ਇਸ ਸਬੰਧ ਵਿੱਚ ਕੌਮਾਂਤਰੀ ਭਾਈਵਾਲਾਂ, ਖਾਸਕਰ ਅਮਰੀਕਾ ਦੇ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਕੋਲ ਕਾਬੁਲ ਹਵਾਈ ਅੱਡੇ ਦਾ ਕੰਟਰੋਲ ਹੈ।‘