ਹੈਦਰਾਬਾਦ: ਕਾਬੁਲ ਵਿੱਚ ਵਤਨ ਵਾਪਸੀ ਦੀ ਉਡੀਕ ਕਰ ਰਹੇ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਹਨ। ਸਰਕਾਰੀ ਸੂਤਰਾਂ (IST) ਨੇ ਸ਼ਨੀਚਰਵਾਰ ਦੁਪਹਿਰ ਨੂੰ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਗਿਆ ਤੇ ਹੁਣ ਉਹ ਕਾਬੁਲ ਏਅਰਪੋਰਟ ਲਈ ਰਵਾਨਾ ਹੋ ਗਏ ਹਨ। ਇਹ ਬਿਆਨ ਮੀਡੀਆ ਦੀ ਉਸ ਰਿਪੋਰਟ ਤੋਂ ਬਾਅਦ ਆਇਆ, ਜਿਸ ਵਿੱਚ ਦੱਸਿਆ ਗਿਆ ਸੀ ਕਿ ਤਾਲਿਬਾਨ ਵੱਲੋਂ ਅਗਵਾ ਕੀਤੇ ਗਏ 150 ਵਿਅਕਤੀ, ਜਿਨ੍ਹਾਂ ਵਿੱਚ ਜਿਆਦਾਤਰ ਭਾਰਤੀ ਸ਼ਾਮਲ ਹਨ, ਹੁਣ ਕਾਬੁਲ ਏਅਰਪੋਰਟ ਵੱਲ ਜਾ ਰਹੇ ਹਨ।
ਇਹ ਵੀ ਪੜ੍ਹੋ:ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਭਰਾ ਤਾਲਿਬਾਨ 'ਚ ਸ਼ਾਮਲ
ਅਣਪਛਾਤੀ ਥਾਂ ‘ਤੇ ਲੈ ਗਏ ਤਾਲਿਬਾਨੀ
ਕਾਬੁਲ ਵਿੱਚ ਜਾਰੀ ਕਾਰਵਾਈਆਂ ‘ਤੇ ਨਜਰ ਰੱਖ ਰਹੇ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਰੋਕ ਲਿਆ ਗਿਆ ਤੇ ਤਾਲਿਬਾਨ ਵੱਲੋਂ ਕਾਬੁਲ ਏਅਰਪੋਰਟ ਨੇੜੇ ਇੱਕ ਅਣਪਛਾਤੀ ਥਾਂ ‘ਤੇ ਲਿਜਾਇਆ ਗਿਆ। ਇਥੇ ਤਾਲਿਬਾਨ ਨੇ ਉਨ੍ਹਾਂ ਤੋਂ ਸੁਆਲ ਜਵਾਬ ਕੀਤੇ ਤੇ ਨਾਲ ਹੀ ਉਨ੍ਹਾਂ ਦੇ ਯਾਤਰਾ ਸਬੰਧੀ ਦਸਤਾਵੇਜਾਂ ਦੀ ਦਰਿਆਫਤ ਕੀਤੀ ਤੇ ਨਾਲ ਹੀ ਭਾਰਤੀ ਸਬੰਧਾਂ ਸਮੇਤ ਕੁਝ ਸ਼ੰਕੇ ਦੂਰ ਕੀਤੇ।
ਕਾਬੁਲ ਨਾਓ ਨਾਮੀ ਇੱਕ ਪੋਰਟਲ ਨੇ ਸ਼ੁਰੂ ਵਿੱਚ ਰਿਪੋਰਟ ਦਿੱਤੀ ਕਿ ਤਾਲਿਬਾਨ ਲੜਾਕਿਆਂ ਨੇ ਇਸ ਗਰੁੱਪ ਨੂੰ ਅਗਵਾ ਕਰ ਲਿਆ ਹੈ ਪਰ ਬਾਅਦ ਵਿੱਚ ਖਬਰ ਵਿਚ ਨਵੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ ਤੇ ਹੁਣ ਉਹ ਕਾਬੁਲ ਏਅਰਪੋਰਟ ਵੱਲ ਵਾਪਸ ਜਾ ਰਹੇ ਹਨ।
ਭਾਰਤੀਆਂ ਨੂੰ ਅਗਵਾ ਕਰਨ ਦਾ ਤਾਲਿਬਾਨ ਵੱਲੋਂ ਖੰਡਨ
ਤਾਲਿਬਾਨ ਦੇ ਇੱਕ ਬੁਲਾਰੇ ਅਹਿਮਦੁੱਲ੍ਹਾ ਵਾਸੇਗ ਨੇ ਅਫਗਾਨ ਮੀਡੀਆ ਦੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਗਵਾ ਕਰਨ ਦੀ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ। ਉਸ ਨੇ ਅਫਗਾਨਿਸਤਾਨ ਦੇ ਇੱਕ ਸੀਨੀਅਰ ਪੱਤਰਕਾਰ ਨੂੰ ਕਿਹਾ ਕਿ ਭਾਰਤੀਆਂ ਨੂੰ ਅਗਵਾ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਨੂੰ ਸੁਰੱਖਿਅਤ ਏਅਰਪੋਰਟ ਲਿਜਾਇਆ ਗਿਆ।
ਸ਼ਨੀਚਰਵਾਰ ਨੂੰ 60 ਭਾਰਤੀਆਂ ਨੂੰ ਕੱਢਿਆ
ਇਸੇ ਦੌਰਾਨ ਭਾਰਤ ਨੇ ਸ਼ਨੀਚਰਵਾਰ ਨੂੰ 60 ਭਾਰਤੀ ਨਾਗਰਿਕਾਂ ਨੂੰ ਕਾਬੁਲ ਵਿੱਚੋਂ ਭਾਰਤੀ ਹਵਾਈ ਫੌਜ ਦੇ ਏਅਰ ਕਰਾਫਟ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ। ਭਾਰਤ ਹੁਣ ਤੱਕ ਪਹਿਲਾਂ ਹੀ 200 ਵਿਅਕਤੀਆਂ ਨੂੰ ਕੱਢ ਚੁੱਕਿਆ ਹੈ।
ਸੂਤਰਾਂ ਮੁਤਾਬਕ ਸ਼ਨੀਚਰਵਾਰ ਨੂੰ ਭਾਰਤੀ ਹਵਾਈ ਫੌਜ ਦੇ (C-130) ਟਰਾਂਸਪੋਰਟ ਏਅਰਕਰਾਫਟ 85 ਤੋਂ ਵੱਧ ਭਾਰਤੀਆਂ ਨੂੰ ਲੈ ਕੇ ਕਾਬੁਲ ਤੋਂ ਰਵਾਨਾ ਹੋਇਆ। ਇਹ ਏਅਰ ਕਰਾਫਟ ਤੇਲ ਭਰਵਾਉਣ ਲਈ ਤਜਾਕਿਸਤਾਨ ਵਿੱਚ ਉਤਰਿਆ। ਭਾਰਤ ਸਰਕਾਰ ਦੇ ਅਫਸਰ ਕਾਬੁਲ ਦੀ ਧਰਤੀ ਤੋਂ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕਰ ਰਹੇ ਹਨ। ਇਸ ਮੁਹਿੰਮ ਵਿਚ ਕਾਬੁਲ ਲਈ ਭਾਰਤੀ ਹਵਾਈ ਫੌਜ ਦੇ ਟਰਾਂਸਪੋਰਟ ਏਅਰ ਕਰਾਫਟ ਦੀ ਆਵਾਜਾਈ ਵਿੱਚ ਭਾਰਤ ਸਰਕਾਰ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਹੀ ਹੈ।