ਟਕਸਟਲਾ ਗੁਟਿਐਰੇਜ਼ (ਮੈਕਸੀਕੋ): ਦੱਖਣੀ ਮੈਕਸੀਕੋ ’ਚ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਿਹਾ ਇਕ ਮਾਲ-ਵਾਹਕ ਟਰੱਕ ਵੀਰਵਾਰ ਨੂੰ ਮੈਕਸੀਕੋ ਵਿਚ ਸੜਕ ਹਾਦਸੇ ਦਾ ਸ਼ਿਕਾਰ (Mexico road accident) ਹੋ ਗਿਆ, ਜਿਸ ਵਿਚ ਘੱਟੋ-ਘੱਟ 55 ਲੋਕਾਂ ਦੀ ਮੌਤ ਹੋ ਗਈ ਅਤੇ 52 ਹੋਰ ਜ਼ਖਮੀ ਹੋ ਗਏ
ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਰਦਨਾਕ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਮੰਦਭਾਗੀ ਘਟਨਾ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ।
ਓਬਰਾਡੋਰ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਲਗਾਤਾਰ ਕਹਿ ਰਹੇ ਹਨ ਕਿ ਸ਼ਰਨਾਰਥੀ ਮੁੱਦੇ (Refugee Crisis) 'ਤੇ ਤੁਰੰਤ ਕਾਰਵਾਈ ਦੀ ਲੋੜ ਹੈ, ਪਰ ਅਮਰੀਕੀ ਸਰਕਾਰ ਸੁਸਤ ਹੈ।
ਚਿਆਪਾਸ ਰਾਜ ਦੇ ਸਿਵਲ ਡਿਫੈਂਸ ਦਫਤਰ ਦੇ ਮੁਖੀ ਲੁਈਸ ਮੈਨੁਅਲ ਮੋਰੇਨੋ ਨੇ ਕਿਹਾ ਕਿ ਜ਼ਖਮੀਆਂ ਵਿੱਚੋਂ 21 ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।
ਫੈਡਰਲ ਅਟਾਰਨੀ ਜਨਰਲ ਦੇ ਦਫਤਰ ਨੇ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਜ਼ਖਮੀਆਂ 'ਚੋਂ ਤਿੰਨ ਦੀ ਹਾਲਤ ਗੰਭੀਰ ਹੈ।
ਹਾਦਸੇ 'ਚ ਬਚੇ ਗੁਆਟੇਮਾਲਾ ਦੇ ਸੇਲਸੋ ਪਚੀਕੋ ਨੇ ਦੱਸਿਆ ਕਿ ਇੰਝ ਸੀ ਜਿਵੇਂ ਟਰੱਕ ਦੀ ਰਫਤਾਰ ਤੇਜ਼ ਸੀ ਅਤੇ ਫਿਰ ਸ਼ਾਇਦ ਸ਼ਰਨਾਰਥੀਆਂ ਦੇ ਭਾਰ ਕਾਰਨ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਉਹ ਪਲਟ ਗਿਆ।
ਪਚੀਕੋ ਨੇ ਦੱਸਿਆ ਕਿ ਟਰੱਕ ਵਿੱਚ ਗੁਆਟੇਮਾਲਾ ਅਤੇ ਹੋਂਡੁਰਾਸ ਦੇ ਸ਼ਰਨਾਰਥੀ ਅਤੇ ਸ਼ਾਇਦ ਅੱਠ ਤੋਂ 10 ਬੱਚੇ ਸੀ। ਉਸ ਨੇ ਦੱਸਿਆ ਕਿ ਉਹ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹੁਣ ਲੱਗਦਾ ਹੈ ਕਿ ਉਸ ਨੂੰ ਗੁਆਟੇਮਾਲਾ ਡਿਪੋਰਟ ਕਰ ਦਿੱਤਾ ਜਾਵੇਗਾ।
ਇਸ ਵਿਚਾਲੇ ਗੁਆਟੇਮਾਲਾ ਦੇ ਰਾਸ਼ਟਰਪਤੀ ਅਲੇਜੈਂਡਰੋ ਜਿਆਮਾਟੇਈ ਨੇ ਟਵੀਟ ਕੀਤਾ ਕਿ ਚਿਆਪਾਸ ਵਿੱਚ ਹੋਏ ਹਾਦਸੇ ਤੋਂ ਬਹੁਤ ਦੁਖੀ ਹਾਂ ਅਤੇ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਇਕਜੁੱਟਤਾ ਪ੍ਰਗਟ ਕਰਦਾ ਹਾਂ, ਜਿਨ੍ਹਾਂ ਨੂੰ ਅਸੀਂ ਹਰ ਤਰ੍ਹਾਂ ਦੀ ਕੌਂਸਲਰ ਸਹਾਇਤਾ ਪ੍ਰਦਾਨ ਕਰਾਂਗੇ।"
ਕੈਥੋਲਿਕ ਈਸਾਈ ਧਰਮ ਦੇ ਚੋਟੀ ਦੇ ਨੇਤਾ ਪੋਪ ਫਰਾਂਸਿਸ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਵੀ ਪੜੋ: ਲੋਕਤੰਤਰ ਦੀ ਰੱਖਿਆ ਕਰਨਾ ਸਾਡੇ ਸਮਿਆਂ ਦੀ ਚੁਣੌਤੀ: ਬਾਇਡਨ