ਰੀਓ ਡੀ ਜਨੇਰੀਓ: ਅੱਤਵਾਦ ਦੇ ਖਾਤਮੇ ਦੇ ਲਈ ਹੁਣ ਦੁਨੀਆਂ ਦੇ ਕਈ ਦੇਸ਼ਾਂ ਨੇ ਵੱਡੇ ਕਦਮ ਚੁੱਕਣੇ ਸ਼ੁਰੂ ਕਰ ਦੀਤੇ ਹਨ। ਉੱਥੇ ਹੀ ਬ੍ਰਿਕਸ ਦੇਸ਼ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਨੇ ਅੱਤਵਾਦੀ ਨੈੱਟਵਰਕ ਦੇ ਵਿੱਤੀ ਪੋਸ਼ਣ 'ਤੇ ਆਪਣੇ ਖੇਤਰਾਂ ਤੋਂ ਅੱਤਵਾਦੀ ਸਰਗਰਮੀਆਂ ਰੋਕਣ ਦੀ ਅਪੀਲ ਕੀਤੀ ਹੈ।
ਪੰਜਾਂ ਦੇਸ਼ਾਂ ਨੇ ਅੱਤਵਾਦ ਨੂੰ ਰੋਕਣ ਤੇ ਉਸ ਦਾ ਮੁਕਾਬਲਾ ਕਰਨ 'ਚ ਦੇਸ਼ਾਂ ਤੇ ਉਨ੍ਹਾਂ ਦੇ ਸਮਰੱਥ ਅਦਾਰਿਆਂ ਦੀ ਮੁੱਢਲੀ ਭੂਮਿਕਾ ਨੂੰ ਚਿੰਨ੍ਹਤ ਕੀਤਾ। ਇਨ੍ਹਾਂ ਦੇਸ਼ਾਂ ਦੇ ਮੰਤਰੀਆਂ ਨੇ ਸੰਕਲਪ ਵਿਅਕਤ ਕਰਦਿਆਂ ਕਿਹਾ ਕਿ ਅੱਤਵਾਦ ਖ਼ਿਲਾਫ਼ ਪ੍ਰਭਾਵੀ ਨਤੀਜੇ ਯਕੀਨੀ ਕਰਨ ਲਈ ਵਿਆਪਕ ਨਜ਼ਰੀਏ ਦੀ ਲੋੜ ਹੈ। ਬੈਠਕ ਤੋਂ ਬਾਅਦ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਵਿਆਪਕ ਨਜ਼ਰੀਏ 'ਚ ਕੱਟੜਤਾ, ਅੱਤਵਾਦੀਆਂ ਦੀ ਭਰਤੀ, ਵਿਦੇਸ਼ੀ ਅੱਤਵਾਦੀਆਂ ਦੀਆਂ ਸਰਗਰਮੀਆਂ, ਅੱਤਵਾਦ ਦੇ ਵਿੱਤੀ ਪੋਸ਼ਣ ਦੇ ਸਰੋਤਾਂ ਤੇ ਮਾਧਿਅਮਾਂ ਨੂੰ ਪਾਬੰਦੀਸ਼ੁਦਾ ਕਰਨਾ, ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨਾ ਤੇ ਸੂਚਨਾ ਤੇ ਸੰਚਾਰ ਤਕਨੀਕੀ ਰਾਹੀਂ ਅੱਤਵਾਦੀ ਸੰਸਥਾਵਾਂ ਨੂੰ ਇੰਟਰਨੈੱਟ ਦੀ ਦੁਰਵਰਤੋਂ ਕਰਨ ਤੋਂ ਰੋਕਣਾ ਸ਼ਾਮਲ ਹੋਣਾ ਚਾਹੀਦਾ ਹੈ।
ਬੈਠਕ ਦੌਰਾਨ ਪੰਜ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਤਹਿਤ ਕੌਮਾਂਤਰੀ ਕਾਨੂੰਨ ਦੇ ਆਧਾਰ 'ਤੇ ਅੱਤਵਾਦ ਨਾਲ ਲੜਨ ਲਈ ਠੋਸ ਯਤਨ ਕਰਨ ਦਾ ਸੱਦਾ ਦਿੱਤਾ। ਉੱਥੇ ਹੀ ਭਾਰਤ ਦੇ ਨਾਲ ਹੀ ਬਿ੍ਕਸ ਮੈਂਬਰ ਦੇਸ਼ਾਂ ਨੇ ਖਾੜੀ ਖੇਤਰ 'ਚ ਵਧ ਰਹੇ ਤਣਾਅ 'ਤੇ ਚਿੰਤਾ ਪ੍ਰਗਟ ਕੀਤੀ ਹੈ।