ਚੰਡੀਗੜ੍ਹ: ਆਉਣ ਵਾਲੀ ਪੰਜਾਬੀ ਫ਼ਿਲਮ ‘ਮੁੰਡਾ ਰੌਕਸਟਾਰ’ ਦੀ ਨਵੇਂ ਸ਼ਡਿਊਲ ਦੀ ਸ਼ੂਟਿੰਗ ਮਾਲਵੇ ਇਲਾਕੇ ’ਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਮਸ਼ਹੂਰ ਕਲਾਕਾਰ ਯੁਵਰਾਜ਼ ਹੰਸ, ਅਦਿੱਤੀ ਆਰਿਆ ਅਤੇ ਮੁਹੰਮਦ ਨਾਜ਼ਿਮ ਲੀਡ ਭੂਮਿਕਾਵਾਂ ਨਿਭਾ ਰਹੇ ਹਨ।
ਹਿੰਦੀ ਸਿਨੇਮਾ ਦੇ ਦਿੱਗਜ ਐਕਟਰ ਵਜੋਂ ਪ੍ਰਸਿੱਧ ਅਤੇ ‘ਅਰਜੁਨ‘, ‘ਡਕੈਤ’, ‘ਖੂਨ ਭਰੀ ਮਾਂਗ’, ‘ਸੋਲਾ ਔਰ ਸਬਨਮ’ ਆਦਿ ਜਿਹੀਆਂ ਚਰਚਿਤ ਅਤੇ ਕਾਮਯਾਬ ਫ਼ਿਲਮਾਂ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਸੱਤਿਆਜੀਤ ਪੁਰੀ ਇਸ ਫ਼ਿਲਮ ਦੁਆਰਾ ਬਤੌਰ ਨਿਰਦੇਸ਼ਕ ਆਪਣੇ ਨਵੇਂ ਸਿਨੇਮਾ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੀ ਬੇਹਤਰੀਨ ਅਤੇ ਅਰਥ ਭਰਪੂਰ ਫ਼ਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਬਹੁਤ ਹੀ ਮਨ ਨੂੰ ਛੂਹ ਜਾਣ ਵਾਲੀ ਹੈ, ਜਿਸ ਵਿਚ ਜਿੱਥੇ ਭਾਵਨਾਤਮਕਤਾ ਅਤੇ ਪਿਆਰ ਭਰੇ ਰੰਗ ਵੇਖਣ ਨੂੰ ਮਿਲਣਗੇ, ਉਥੇ ਇਹ ਫ਼ਿਲਮ ਕੁਝ ਕਰ ਗੁਜ਼ਰਨ ਦੀ ਤਾਂਘ ਰੱਖਦੇ ਨੌਜਵਾਨ ਦੇ ਰਾਹ ਵਿਚ ਅੜਿੱਕਾ ਢਾਉਣ ਵਾਲੇ ਕੁਝ ਨਾਂਹ ਪੱਖੀ ਲੋਕਾਂ ਦੀ ਨਾਕਾਰਾਤਮਕ ਮਾਨਸਿਕਤਾ ਨੂੰ ਵੀ ਬਿਆਨ ਕਰੇਗੀ।
ਉਕਤ ਫ਼ਿਲਮ ਵਿਚ ਟਾਈਟਲ ਭੂਮਿਕਾ ਅਦਾ ਕਰ ਰਹੇ ਅਦਾਕਾਰ-ਗਾਇਕ ਯੁਵਰਾਜ ਹੰਸ ਨੇ ਦੱਸਿਆ ਕਿ ਉਨ੍ਹਾਂ ਦੇ ਹਾਲੀਆ ਫ਼ਿਲਮ ਪ੍ਰੋਜੈਕਟਾਂ ਤੋਂ ਬਿਲਕੁਲ ਅਲੱਗ ਹੈ, ਉਨਾਂ ਦੀ ਇਹ ਫ਼ਿਲਮ ਅਤੇ ਇਸ ਵਿਚਲਾ ਕਿਰਦਾਰ। ਉਨ੍ਹਾਂ ਦੱਸਿਆ ਕਿ ਉਹ ਇਕ ਐਸੇ ਗਾਇਕ ਦੀ ਭੂਮਿਕਾ ਨਿਭਾ ਰਹੇ ਹਨ, ਜਿਸ ਨੂੰ ਕਈ ਤਰ੍ਹਾਂ ਦੇ ਉਲਝਾਊ ਚੱਕਰਵਿਓੂ ਵਿਚ ਫਸਾ ਦਿੱਤਾ ਜਾਂਦਾ ਹੈ ਪਰ ਉਹ ਨੌਜਵਾਨ ਬੇਹੱਦ ਹੌਂਸਲੇ ਨਾਲ ਇੰਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਅਤੇ ਆਖ਼ਰ ਆਪਣੇ ਸੁਪਨਿਆਂ ਵਿਚ ਚਿਤਵੇ ਵਜੂਦ ਨੂੰ ਕਾਇਮ ਕਰਨ ਵਿਚ ਸਫ਼ਲ ਵੀ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਗਾਇਕ ਦਾ ਕਿਰਦਾਰ ਨਿਭਾਉਣਾ ਉਨਾਂ ਲਈ ਜਿਆਦਾ ਚਣੌਤੀ ਭਰਿਆ ਇਸ ਲਈ ਸਾਬਿਤ ਨਹੀਂ ਹੋਇਆ, ਕਿਉਂਕਿ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਹੈ ਅਤੇ ਇਸੇ ਮੱਦੇਨਜ਼ਰ ਉਹ ਉਕਤ ਕਿਰਦਾਰ ਦੇ ਹਰ ਰੰਗ ਨੂੰ ਬਾਖੂਬੀ ਨਿਭਾਉਣ ਵਿਚ ਸਫ਼ਲ ਹੋ ਪਾ ਰਹੇ ਹਨ।
ਇੰਡੀਆ ਗੋਲਡ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਸੰਜੇ ਜ਼ਲਾਨ ਅਤੇ ਅਭਿਸ਼ੇਕ ਜਲਾਨ, ਸੰਗੀਤ ਨਿਰਦੇਸ਼ਕ ਜੈਦੇਵ ਕੁਮਾਰ, ਗੀਤਕਾਰ ਗੋਪੀ ਸਿੱਧੂ, ਕੈਮਰਾਮੈਨ ਪ੍ਰਵ ਧਨੋਆ ਅਤੇ ਕੋਰਿਓਗ੍ਰਾਫ਼ਰ ਹਨ ਰਾਕਾ। ਫ਼ਿਲਮ ਦੇ ਹੋਰਨਾਂ ਕਲਾਕਾਰਾਂ ਵਿਚ ਗੁਰਚੇਤ ਚਿੱਤਰਕਾਰ, ਆਰ.ਜੇ ਪ੍ਰੀਤਮ, ਗਾਮਾ ਸਿੱਧੂ ਅਤੇ ਰਣਵੀਰ ਵੀ ਸ਼ਾਮਿਲ ਹਨ, ਜੋ ਕਾਫ਼ੀ ਪ੍ਰਭਾਵੀ ਕਿਰਦਾਰਾਂ ਵਿਚ ਨਜ਼ਰ ਆਉਣਗੇ। ਚੰਡੀਗੜ੍ਹ, ਬਠਿੰਡਾ ਆਦਿ ਇਲਾਕਿਆਂ ਵਿਚ ਮੁਕੰਮਲ ਕੀਤੀ ਜਾ ਰਹੀ ਇਸ ਫ਼ਿਲਮ ਦੇ ਗੀਤਾਂ ਨੂੰ ਯੁਵਰਾਜ ਹੰਸ ਅਤੇ ਹੋਰ ਨਾਮਵਰ ਪਲੇਬੈਕ ਗਾਇਕ ਆਪਣੀ ਆਵਾਜ਼ ਦੇ ਰਹੇ ਹਨ।