ਹੈਦਰਾਬਾਦ: ਬਾਲੀਵੁੱਡ ਗਾਇਕ ਅਤੇ ਰੈਪਰ ਹਨੀ ਸਿੰਘ ਦੇ ਖਿਲਾਫ਼ ਮੁੰਬਈ ਮਹਾਰਾਸ਼ਟਰ ਵਿੱਚ ਇੱਕ ਇਵੈਂਟ ਆਯੋਜਕ ਨੂੰ ਅਗਵਾ ਕਰਨ ਅਤੇ ਹਮਲਾ ਕਰਨ ਦੇ ਇਲਜ਼ਾਮ ਤਹਿਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਵਿਵੇਕ ਰਮਨ ਨਾਂ ਦੇ ਵਿਅਕਤੀ ਨੇ ਹਨੀ ਸਿੰਘ ਅਤੇ ਕੁਝ ਹੋਰਾਂ ਖਿਲਾਫ਼ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਪੁਲਿਸ ਸਟੇਸ਼ਨ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।
ਮੁੰਬਈ ਪੁਲਿਸ ਅਧਿਕਾਰੀਆਂ ਨੇ ਕਿਹਾ "ਇੱਕ ਇਵੈਂਟ ਕੰਪਨੀ ਦੇ ਮਾਲਕ ਵਿਵੇਕ ਰਮਨ ਨੇ ਹਨੀ ਸਿੰਘ ਅਤੇ ਹੋਰਾਂ ਦੇ ਖਿਲਾਫ ਅਗਵਾ ਕਰਨ, ਉਸਨੂੰ ਬੰਧਕ ਬਣਾ ਕੇ ਰੱਖਣ ਅਤੇ ਉਸਦੇ ਨਾਲ ਹਮਲਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।"
ਪੁਲਿਸ ਮੁਤਾਬਕ ਰਮਨ ਨੇ ਦੱਸਿਆ ਕਿ ਹਨੀ ਸਿੰਘ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਬੰਧਕ ਬਣਾ ਕੇ ਰੱਖਿਆ ਅਤੇ ਸ਼ਹਿਰ ਦੇ ਉਪਨਗਰ 'ਚ ਸਥਿਤ ਮੁੰਬਈ ਦੇ ਇਕ ਹੋਟਲ 'ਚ ਉਸ ਨਾਲ ਕੁੱਟਮਾਰ ਕੀਤੀ। 19 ਅਪਰੈਲ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਰਮਨ ਨੇ 15 ਅਪਰੈਲ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਵਿੱਚ ਗਾਇਕ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਪਰ ਪੈਸਿਆਂ ਦੇ ਲੈਣ-ਦੇਣ ਵਿੱਚ ਤਰੁੱਟੀਆਂ ਕਾਰਨ ਸਮਾਗਮ ਨੂੰ ਰੱਦ ਕਰਨਾ ਪਿਆ।
ਸ਼ਿਕਾਇਤਕਰਤਾ ਨੇ ਬੀਕੇਸੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸਮਾਗਮ ਰੱਦ ਹੋਣ ਕਾਰਨ ਹਨੀ ਸਿੰਘ ਅਤੇ ਉਸਦੇ ਸਾਥੀਆਂ ਨੇ ਉਸਨੂੰ ਅਗਵਾ ਕਰ ਲਿਆ ਅਤੇ ਉਸਨੂੰ ਮੁੰਬਈ ਦੇ ਇੱਕ ਹੋਟਲ ਵਿੱਚ ਬੰਧਕ ਬਣਾ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਗਾਇਕ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹਨੀ ਸਿੰਘ ਦਾ ਆਪਣੀ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਟੀਨਾ ਥਡਾਨੀ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਦੋਵਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇਕ-ਦੂਜੇ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।
ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ। ਖਬਰਾਂ ਦੀ ਮੰਨੀਏ ਤਾਂ ਉਹ ਇੱਕ ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਪਰ 2023 ਦੀ ਸ਼ੁਰੂਆਤ 'ਚ ਹਨੀ ਸਿੰਘ ਨੇ ਟੀਨਾ ਨੂੰ ਆਪਣੀ ਗਰਲਫ੍ਰੈਂਡ ਦੇ ਤੌਰ 'ਤੇ ਸਾਰਿਆਂ ਸਾਹਮਣੇ ਪੇਸ਼ ਕੀਤਾ। ਫਿਲਹਾਲ ਬ੍ਰੇਕਅੱਪ ਨੂੰ ਲੈ ਕੇ ਦੋਹਾਂ ਪੱਖਾਂ ਤੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ:Punjabi songs: ਕੀ ਤੁਸੀਂ ਸੁਣੇ ਨੇ ਔਰਤਾਂ ਦੇ ਕੱਪੜਿਆਂ 'ਤੇ ਆਧਾਰਿਤ ਇਹ ਗੀਤ