ਮੁੰਬਈ: ਤੁਹਾਨੂੰ ਸਬ ਟੀਵੀ ਦੇ ਪ੍ਰਸਿੱਧ ਸ਼ੋਅ ਐਫਆਈਆਰ ਤੋਂ ਇੰਸਪੈਕਟਰ ਚੰਦਰਮੁਖੀ ਚੌਟਾਲਾ ਯਾਦ ਹੋਣੀ ਚਾਹੀਦੀ ਹੈ। ਤੁਹਾਨੂੰ ਯਾਦ ਵੀ ਕਿਉਂ ਨਹੀਂ ਹੋਵੇਗੀ ਕਿਉਂਕਿ ਉਹ ਇੱਕ ਅਜਿਹੀ ਤਿੱਖੀ ਜ਼ੁਬਾਨ ਵਾਲੀ ਮਹਿਲਾ ਇੰਸਪੈਕਟਰ ਸੀ, ਜੋ ਆਪਣੇ ਥਾਣੇ ਵਿੱਚ ਸਭ ਤੋਂ ਔਖੇ ਕੇਸਾਂ ਨੂੰ ਵੀ ਪਲ ਭਰ ਵਿੱਚ ਹੱਲ ਕਰ ਲੈਂਦੀ ਸੀ। ਹੁਣ ਅਦਾਕਾਰਾ ਕਵਿਤਾ ਕੌਸ਼ਿਕ ਨੇ ਖੁਲਾਸਾ ਕੀਤਾ ਹੈ ਕਿ ਲੋਕਾਂ ਨੇ ਕਈ ਵਾਰ ਉਸ ਨੂੰ ਅਸਲ ਪੁਲਿਸ ਅਫ਼ਸਰ ਸਮਝ ਲਿਆ ਹੈ।
ਕਵਿਤਾ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਦੇ ਪ੍ਰਮੋਸ਼ਨ ਲਈ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆਵੇਗੀ। ਉਸ ਦੇ ਨਾਲ ਉਸ ਦੇ ਸਹਿ-ਕਲਾਕਾਰ ਸੋਨਮ ਬਾਜਵਾ, ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਨਿਰਦੇਸ਼ਕ ਸਮੀਪ ਕੰਗ ਸ਼ਾਮਲ ਹੋਣਗੇ।
ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੇ ਕਵਿਤਾ ਕੌਸ਼ਿਕ ਨੂੰ ਪੁੱਛਿਆ ਕਿ ਕੀ ਕਿਸੇ ਨੇ 'ਐਫਆਈਆਰ' ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਕਦੇ ਉਸ ਨੂੰ ਅਸਲ ਪੁਲਿਸ ਇੰਸਪੈਕਟਰ ਸਮਝ ਲਿਆ ਹੈ। ਕਵਿਤਾ ਨੇ ਜਵਾਬ ਦਿੱਤਾ "ਮੈਂ ਕਈ ਵਾਰ ਇਸ ਦਾ ਸਾਹਮਣਾ ਕੀਤਾ ਹੈ। ਰਾਜਸਥਾਨ ਵਿੱਚ ਪਿੰਡ ਵਿੱਚ ਜਦੋਂ ਵੀ ਅਸੀਂ ਜਾਂਦੇ ਸੀ, ਲੋਕ ਸੱਚੇ ਦਿਲੋਂ ਵਿਸ਼ਵਾਸ ਕਰਦੇ ਸਨ ਕਿ ਮੈਂ ਇੱਕ ਪੁਲਿਸ ਅਫਸਰ ਹਾਂ ਅਤੇ ਉਹ ਆਪਣੇ ਬੱਚਿਆਂ ਬਾਰੇ ਸ਼ਿਕਾਇਤਾਂ ਲੈ ਕੇ ਮੇਰੇ ਕੋਲ ਆਉਂਦੇ ਸਨ।"
ਇਸ ਤੋਂ ਬਾਅਦ ਕਪਿਲ ਨੇ ਕਵਿਤਾ ਦੀ ਲੱਤ ਖਿੱਚਦਿਆਂ ਕਿਹਾ ਕਿ ਇਸ ਵਿਸ਼ਵਾਸ ਦੇ ਕਾਰਨ ਜਿਨ੍ਹਾਂ ਲੋਕਾਂ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ, ਉਹ ਖੁਸ਼ੀ-ਖੁਸ਼ੀ ਉਸ ਨੂੰ 1000 ਰੁਪਏ ਦੇ ਕੇ ਚੱਲੇ ਜਾਂਦੇ ਸਨ।
'ਕੈਰੀ ਆਨ ਜੱਟਾ 3' ਦੀ ਟੀਮ ਅਤੇ ਕਲਾਕਾਰਾਂ ਨਾਲ ਕੰਮ ਕਰਨ ਬਾਰੇ ਬੋਲਦਿਆਂ ਕਵਿਤਾ ਨੇ ਕਿਹਾ "ਮੈਂ 20 ਸਾਲਾਂ ਤੋਂ ਇੰਡਸਟਰੀ ਵਿੱਚ ਕੰਮ ਕਰ ਰਹੀ ਹਾਂ ਅਤੇ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਅਤੇ ਉਹਨਾਂ ਦੀ ਟੀਮ ਨਾਲ ਕੰਮ ਕਰਨ ਦਾ ਤਜ਼ਰਬਾ ਮੇਰਾ ਸਭ ਤੋਂ ਵਧੀਆ ਰਿਹਾ ਹੈ। ਸਾਡੇ ਨਾਲ ਲੰਡਨ ਵਿੱਚ ਬਹੁਤ ਵਧੀਆ ਵਿਵਹਾਰ ਕੀਤਾ ਗਿਆ, ਲਗਭਗ ਰਾਜਿਆਂ ਅਤੇ ਰਾਣੀਆਂ ਵਾਂਗ। ਇਹ ਸੱਚਮੁੱਚ ਬਹੁਤ ਵਧੀਆ ਹੈ।" ਤੁਹਾਨੂੰ ਦੱਸ ਦਈਏ ਕਿ 'ਦਿ ਕਪਿਲ ਸ਼ਰਮਾ ਸ਼ੋਅ' ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੁੰਦਾ ਹੈ।