ਮੁੰਬਈ: ਭਾਰਤੀ ਸਿਨੇਮਾ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਮੁੰਬਈ ਵਿਖੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 100 ਤੋਂ ਵੱਧ ਹਿੰਦੀ ਫਿਲਮਾਂ ਲਈ ਗੀਤ ਲਿਖੇ ਸਨ ਅਤੇ ਉਨ੍ਹਾਂ ਦੇ ਕਈ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। 81 ਸਾਲਾਂ ਦੇਵ ਕੋਹਲੀ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਤੋਂ ਖਰਾਬ ਸੀ ਅਤੇ ਉਨ੍ਹਾਂ ਦਾ ਇਲਾਜ ਕੋਕਿਲਾਬੇਨ ਅੰਬਾਨੀ ਹਸਪਤਾਲ 'ਚ ਚੱਲ ਰਿਹਾ ਸੀ। ਗੀਤਕਾਰੀ ਨੂੰ ਆਪਣਾ 'ਜਨੂੰਨ' ਮੰਨਣ ਵਾਲੇ ਦੇਵ ਕੋਹਲੀ ਨੇ ਵਿਆਹ ਨਹੀਂ ਕਰਵਾਇਆ ਸੀ।
ਦੇਵ ਕੋਹਲੀ ਨੇ ਕਈ ਹਿੰਦੀ ਫਿਲਮਾਂ ਲਈ ਗੀਤ ਲਿਖੇ ਸਨ। ਇਸ ਵਿੱਚ 'ਮੈਂਨੇ ਪਿਆਰ ਕੀਆ', 'ਬਾਜ਼ੀਗਰ', 'ਜੁੜਵਾ', 'ਮੁਸਾਫਿਰ' ਆਦਿ ਮਸ਼ਹੂਰ ਫਿਲਮਾਂ ਸ਼ਾਮਲ ਹਨ। ਸੰਗੀਤ ਨਿਰਦੇਸ਼ਕਾਂ ਰਾਮ ਲਕਸ਼ਮਣ, ਅਨੂ ਮਲਿਕ, ਆਨੰਦ ਰਾਜ ਆਨੰਦ, ਆਨੰਦ-ਮਿਲਿੰਦ ਨਾਲ ਉਨ੍ਹਾਂ ਦੇ ਗੀਤ ਵਿਸ਼ੇਸ਼ ਤੌਰ 'ਤੇ ਯਾਦਗਾਰ ਬਣ ਗਏ। ਉਹਨਾਂ ਨੂੰ ਫਿਲਮ ਇੰਡਸਟਰੀ ਵਿੱਚ ਆਪਣੀ ਤਾਕਤ ਅਤੇ ਪ੍ਰਤਿਭਾ ਦੇ ਅਨੁਕੂਲ ਮੌਕੇ ਨਹੀਂ ਮਿਲੇ ਸਨ।
ਦੇਵ ਕੋਹਲੀ ਦਾ ਸ਼ੁਰੂਆਤੀ ਜੀਵਨ: ਦੱਸ ਦਈਏ ਕਿ ਕੋਹਲੀ ਦਾ ਜਨਮ 2 ਨਵੰਬਰ 1942 ਨੂੰ ਰਾਵਲਪਿੰਡੀ (ਪਾਕਿਸਤਾਨ) ਵਿੱਚ ਹੋਇਆ ਸੀ, ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਗੀਤਕਾਰ ਦੇਹਰਾਦੂਨ ਆ ਕੇ ਵੱਸ ਗਏ। ਦੇਵ ਕੋਹਲੀ ਮਹਿਜ਼ 16 ਸਾਲ ਦੇ ਸਨ, ਜਦੋਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਫਿਰ ਉਹ 22 ਸਾਲ ਦੀ ਉਮਰ ਵਿੱਚ ਕੰਮ ਦੀ ਤਲਾਸ਼ ਲਈ ਮੁੰਬਈ ਆ ਗਏ।
ਦੇਵ ਕੋਹਲੀ ਦੇ ਲਿਖੇ ਗੀਤ: ਪਹਿਲੀ ਵਾਰ ਦੇਵ ਕੋਹਲੀ ਨੂੰ ਸਾਲ 1969 'ਚ ਫਿਲਮ 'ਗੁੰਡਾ' 'ਚ ਮੌਕਾ ਮਿਲਿਆ, ਪਰ ਸਾਲ 1971 'ਚ ਬਣੀ ਫਿਲਮ 'ਲਾਲ ਪੱਥਰ' ਲਈ ਲਿਖਿਆ ਗੀਤ 'ਗੀਤ ਗਾਤਾ ਹੂੰ ਮੈਂ' ਉਨ੍ਹਾਂ ਦੀ ਪਹਿਲੀ ਸਫਲਤਾ ਸੀ। ਇਹ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਦੱਸ ਦਈਏ ਕਿ 1970 ਤੋਂ 1980 ਤੱਕ ਉਹ ਗੁਮਨਾਮ ਰਹੇ, ਪਰ ਸਾਲ 1989 'ਚ ਸਲਮਾਨ ਖਾਨ ਦੀ ਮੈਗਾਬਲਾਕਸਟਰ ਫਿਲਮ 'ਮੈਂਨੇ ਪਿਆਰ ਕੀਆ' ਲਈ ਉਨ੍ਹਾਂ ਨੇ 'ਕਬੂਤਰ ਜਾ-ਜਾ', 'ਦੀਦੀ ਤੇਰਾ ਦੇਵਰ ਦੀਵਾਨਾ' ਵਰਗੇ ਗੀਤ ਲਿਖੇ ਸਨ, ਜਿਨ੍ਹਾਂ ਨੇ ਉਹਨਾਂ ਨੂੰ ਮੁੜ ਤੋਂ ਪਛਾਣ ਦਿਵਾ ਦਿੱਤੀ।
ਮੁੰਬਈ 'ਚ ਹੋਵੇਗਾ ਅੰਤਿਮ ਸਸਕਾਰ: ਦੇਵ ਕੋਹਲੀ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 2 ਵਜੇ ਅੰਧੇਰੀ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਲਿਆਂਦਾ ਜਾਵੇਗਾ। ਉਸ ਤੋਂ ਬਾਅਦ ਓਸ਼ੀਵਾਰਾ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।