ਚੰਡੀਗੜ੍ਹ: 'ਗੈਰ-ਕਾਨੂੰਨੀ ਹਥਿਆਰ', 'ਯੇਹ ਬੇਬੀ', 'ਬੰਦਾ ਬਣ ਜਾ', 'ਬਹਾਨੇ' ਵਰਗੇ ਮਸ਼ਹੂਰ ਗੀਤ ਦੇਣ ਵਾਲੇ ਗਾਇਕ ਗੈਰੀ ਸੰਧੂ ਨਾਲ ਸੰਬੰਧਿਤ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜੀ ਹਾਂ...ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਚੋਰੀ ਹੋਣ ਦੀ ਘਟਨਾ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਇੰਗਲੈਂਡ 'ਚ ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਚੋਰੀ (Garry Sandhu House Robbed) ਦੀ ਘਟਨਾ ਵਾਪਰੀ ਹੈ। ਚੋਰ ਉਸ ਦੇ ਘਰੋਂ ਕਾਫੀ ਸਾਮਾਨ ਚੋਰੀ ਕਰਕੇ ਲੈ ਗਏ ਹਨ।
ਇਸ ਘਟਨਾ ਨੂੰ ਲੈ ਕੇ ਗਾਇਕ ਗੈਰੀ ਸੰਧੂ (Punjabi singer Garry Sandhu) ਨੇ ਖੁਦ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਸਾਂਝੀ ਕੀਤੀ ਹੈ ਅਤੇ ਡੂੰਘੀ ਨਾਰਾਜ਼ਗੀ ਵੀ ਪ੍ਰਗਟਾਈ ਹੈ। ਸੰਧੂ ਨੇ ਚੋਰਾਂ ਨੂੰ ਗਾਲ੍ਹਾਂ ਵੀ ਕੱਢੀਆਂ ਹਨ ਅਤੇ ਉਨ੍ਹਾਂ ਨੂੰ ਫੜਨ ਵਾਲੇ ਨੂੰ 5000 ਪੌਂਡ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।
ਪਹਿਲਾਂ ਵੀ ਹੋਈ ਚੋਰੀ: ਦੱਸ ਦਈਏ ਕਿ ਪਹਿਲਾਂ ਵੀ ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਸਥਿਤ ਗੈਰੀ ਸੰਧੂ ਦੇ ਫਰੈਸ਼ ਕੁਲੈਕਸ਼ਨ ਸ਼ੋਅਰੂਮ 'ਚੋਂ ਚੋਰਾਂ ਨੇ 22 ਲੱਖ ਰੁਪਏ ਦੇ ਡਿਜ਼ਾਈਨਰ ਗਾਰਮੈਂਟਸ ਅਤੇ 22 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਸੀ। ਚੋਰ ਰਾਤ 2.01 ਵਜੇ ਸ਼ੋਅਰੂਮ ਵਿੱਚ ਦਾਖਲ ਹੋਏ ਸਨ ਅਤੇ ਕਰੀਬ 40 ਮਿੰਟ ਤੱਕ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਗਿਆ ਕਿ ਚੋਰ 12 ਬੋਰੀਆਂ ਵਿੱਚ ਭਰ ਕੇ ਸਾਮਾਨ ਚੋਰੀ ਕਰਕੇ ਲੈ ਗਏ ਸਨ।
ਗੈਰੀ ਸੰਧੂ ਬਾਰੇ: ਗੈਰੀ ਸੰਧੂ ਦਾ ਜਨਮ ਪਿੰਡ ਰੁੜਕਾ ਕਲਾ, ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਗਾਇਕੀ ਤੋਂ ਇਲਾਵਾ ਉਹ ਗੀਤਕਾਰ ਅਤੇ ਅਦਾਕਾਰ ਵੀ ਹਨ। ਗੈਰੀ ਸੰਧੂ ਨੇ 2010 ਵਿੱਚ "ਮੈਂ ਨੀ ਪੀਂਦਾ" ਗੀਤ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ ਫਿਲਮ 'ਰੋਮੀਓ ਰਾਂਝਾ' (2014) ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ। ਗੈਰੀ ਸੰਧੂ ਨੇ 'ਗੈਰ-ਕਾਨੂੰਨੀ ਹਥਿਆਰ', 'ਯੇਹ ਬੇਬੀ', 'ਬੰਦਾ ਬਨ ਜਾ', 'ਬਹਾਨੇ' ਅਤੇ ਹੋਰ ਬਹੁਤ ਸਾਰੇ ਗੀਤ ਪੰਜਾਬੀ ਮੰਨੋਰੰਜਨ ਜਗਤ ਨੂੰ ਦਿੱਤੇ ਹਨ।
ਇਹ ਵੀ ਪੜ੍ਹੋ:ਗੀਤ 'ਬੇਸ਼ਰਮ ਰੰਗ' 'ਤੇ ਧੂੰਮਾਂ ਪਾਉਂਦੀ ਨਜ਼ਰ ਆਈ ਸਰਗੁਣ ਮਹਿਤਾ, ਦੇਖੋ ਲਾਜਵਾਬ ਵੀਡੀਓ