ਫ਼ਰੀਦਕੋਟ: ਆਉਣ ਵਾਲੀ ਹਿੰਦੀ ਫ਼ਿਲਮ ਛਿਪਕਲੀ ਦੇ ਪ੍ਰੀਮਿਅਰ ਦਾ ਆਯੋਜਨ ਬੀਤੀ ਸ਼ਾਮ ਮੁੰਬਈ ਦੇ ਅੰਧੇਰੀ ਪੀ.ਵੀ.ਆਰ ਵਿਖੇ ਰੱਖਿਆ ਗਿਆ ਸੀ। ਜਿਸ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਅਦਾਕਾਰ ਯਸ਼ਪਾਲ ਸ਼ਰਮਾ ਸਮੇਤ ਪੂਰੀ ਕਾਸਟ ਨੇ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ।
ਫ਼ਿਲਮ ਛਿਪਕਲੀ ਦੀ ਰਿਲੀਜ਼ਿੰਗ ਤਰੀਕ ਵਧਾਈ ਅੱਗੇ: ਇਸ ਸ਼ਾਮ ਨੂੰ ਸੰਬੋਧਨ ਕਰਦਿਆਂ ਅਦਾਕਾਰ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਬਹੁਤ ਹੀ ਅਰਥ ਭਰਪੂਰ ਵਿਸ਼ੇ ਅਧੀਨ ਬਣਾਈ ਗਈ ਇਸ ਫ਼ਿਲਮ ਦੀ ਰਿਲੀਜ਼ਿੰਗ ਤਰੀਕ ਕੁਝ ਕਾਰਨਾਂ ਕਰਕੇ ਅੱਗੇ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਾਰੇ ਦਰਸ਼ਕਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਪੂਰੀ ਫ਼ਿਲਮ ਦੀ ਟੀਮ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਸ ਸ਼ਿੱਦਤ ਅਤੇ ਮਿਹਨਤ ਨਾਲ ਉਨ੍ਹਾਂ ਨੇ ਇਸ ਫ਼ਿਲਮ ਨੂੰ ਬਣਾਇਆ ਹੈ ਉਨ੍ਹਾਂ ਨੂੰ ਉਸ ਉਮੀਦ ਤੋਂ ਵੀ ਵੱਧ ਪ੍ਰਸ਼ੰਸਾ ਮਿਲ ਰਹੀ ਹੈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਕਾਫ਼ੀ ਉਤਸੁਕ ਹਨ।
ਫ਼ਿਲਮ ਛਿਪਕਲੀ ਦਾ ਥੀਮ: ਇਸ ਸਮਾਰੋਹ ਦਾ ਹਿੱਸਾ ਬਣਨ ਵਾਲਿਆਂ ਵਿਚ ਯੋਗੇਸ਼ ਭਾਰਦਵਾਜ਼, ਤਨਿਸ਼ਨਾ ਵਿਸ਼ਵਾਸ਼ ਆਦਿ ਵੀ ਸ਼ਾਮਿਲ ਸਨ। ਜਿੰਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਫ਼ਿਲਮ ਦਾ ਥੀਮ ਕਲਕੱਤਾ ਰਹਿੰਦੇ ਨਾਵਲਿਸਟ ਅਲੋਕ ਚਤਰਵੇਦੀ ਤੇ ਆਧਾਰਿਤ ਹੈ। ਜਿੰਨ੍ਹਾਂ ਨੂੰ ਆਪਣੇ ਬੇਟੇ ਅਤੇ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ਵਿਚ ਅਦਾਲਤ ਵੱਲੋਂ ਰਿਹਾਈ ਮਿਲ ਜਾਂਦੀ ਹੈ। ਪਰ ਪਤਨੀ ਦੇ ਭਰਾ ਅਤੇ ਸਮਾਜ ਦੇ ਕੁਝ ਹੋਰ ਲੋਕਾਂ ਨੂੰ ਉਹ ਅਜੇ ਵੀ ਗੁਨਾਹਗਾਰ ਨਜ਼ਰ ਆਉਂਦੇ ਹਨ। ਜਿੰਨ੍ਹਾਂ ਵੱਲੋਂ ਰਚੇ ਗਏ ਸਾਜਿਸ਼ੀ ਚੱਕਰਵਿਊ ਦਾ ਸਾਹਮਣਾ ਕਰਨਾ ਅਲੋਕ ਦੇ ਜੀਵਨ ਲਈ ਕਾਫ਼ੀ ਮੁਸ਼ਿਕਲ ਭਰੇ ਹਾਲਾਤ ਪੈਦਾ ਕਰ ਦਿੰਦਾ ਹੈ। ਇਸ ਸਾਜ਼ਿਸ਼ ਵਿਚੋਂ ਉਹ ਕਿਵੇਂ ਨਿਕਲਦੇ ਹਨ, ਇਹੀ ਪ੍ਰਭਾਵੀ ਅਤੇ ਦਿਲਚਸਪ ਪਰਸਥਿਤੀਆਂ 'ਤੇ ਕੇਂਦਰਿਤ ਹੈ ਇਹ ਫ਼ਿਲਮ ਛਿਪਕਲੀ।
ਦਸ ਦਿਨ੍ਹਾਂ ਦੇ ਸ਼ਡਿਊਲ ਵਿਚ ਮੁਕੰਮਲ ਕੀਤੀ ਗਈ ਇਸ ਫ਼ਿਲਮ ਦੀ ਸ਼ੂਟਿੰਗ: ਇਸ ਡਰਾਮਾ ਥ੍ਰਿਲਰ ਫ਼ਿਲਮ ਦਾ ਨਿਰਦੇਸ਼ਨ ਬੰਗਾਲੀ ਸਿਨੇਮਾਂ ਦੇ ਮੰਨੇ ਪ੍ਰਮੰਨੇ ਫ਼ਿਲਮਕਾਰ ਕੋਸ਼ਿਕ ਵੱਲੋਂ ਕੀਤਾ ਗਿਆ ਹੈ। ਜੋ ਇਸ ਫ਼ਿਲਮ ਦੁਆਰਾ ਹਿੰਦੀ ਸਿਨੇਮਾਂ ਖੇਤਰ ਵਿਚ ਆਪਣੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਫ਼ਿਲਮ ਦੀ ਟੀਮ ਨੇ ਦੱਸਿਆ ਕਿ ਬਹੁਤ ਹੀ ਲਿਮਿਟਡ ਬੱਜਟ ਅਤੇ ਸੀਮਿਤ ਸਿਨੇਮਾਂ ਸਾਧਨਾਂ ਵਿਚ ਸ਼ੁੂਟ ਕੀਤੀ ਗਈ ਇਸ ਫ਼ਿਲਮ ਦੀ ਪੂਰੀ ਸ਼ੂਟਿੰਗ ਦਸ ਦਿਨ੍ਹਾਂ ਦੇ ਸ਼ਡਿਊਲ ਵਿਚ ਮੁਕੰਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਐਕਸਪੈਰੀਮੇਂਟਲ ਫ਼ਿਲਮ ਦਾ ਹਰ ਦ੍ਰਿਸ਼ ਦਰਸ਼ਕਾਂ ਨੂੰ ਆਪਣੇ ਨਾਲ ਅਜਿਹਾ ਜੋੜ ਕੇ ਰੱਖੇਗਾ ਕਿ ਉਹ ਇਸ ਨੂੰ ਆਪਣੇ ਨਾਲ ਅਤੇ ਆਸਪਾਸ ਵਾਪਰਦਾ ਜਾਂ ਹੱਡ-ਬੀਤਿਆ ਹੋਇਆ ਮਹਿਸੂਸ ਕਰਨਗੇ।
ਇਹ ਵੀ ਪੜ੍ਹੋ:- Miss India 2023: ਰਾਜਸਥਾਨ ਦੀ ਨੰਦਿਨੀ ਗੁਪਤਾ ਦੇ ਸਿਰ ਸੱਜਿਆ ਮਿਸ ਇੰਡੀਆ ਦਾ ਤਾਜ, ਜਾਣੋ ਕੌਣ ਹੈ ਨੰਦਿਨੀ ?