ਚੰਡੀਗੜ੍ਹ: ਦੁਨੀਆ ਭਰ ਵਿੱਚ ਸਿੱਖ ਭਾਈਚਾਰਾ ਵਿਸਾਖੀ ਨੂੰ ਵੱਡੇ ਪੱਧਰ 'ਤੇ ਮਨਾਉਂਦਾ ਹੈ ਅਤੇ ਇਸ ਖਾਸ ਦਿਨ 'ਤੇ ਸਾਰੇ ਭਾਈਚਾਰੇ ਲਈ ਇੱਕ ਖਾਸ ਤੋਹਫ਼ਾ ਹੈ, ਜੀ ਹਾਂ... ਇਸ ਖੁਸ਼ੀ ਨੂੰ ਵਧਾਉਣ ਲਈ ਪੰਜਾਬੀ ਦੀ ਇੱਕ ਫਿਲਮ ਦਾ ਐਲਾਨ ਹੋਇਆ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਦਾ ਨਾਂ 'ਮੇਰਾ ਬਾਬਾ ਨਾਨਕ' ਹੈ ਅਤੇ ਇਹ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਪੋਸਟਰ ਤਾਂ ਸਾਹਮਣੇ ਆ ਚੁੱਕਾ ਹੈ ਪਰ ਕਹਾਣੀ ਅਜੇ ਸਾਹਮਣੇ ਨਹੀਂ ਆਈ ਹੈ। ਫਿਲਮ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕਰੇਗੀ ਜੋ ਫਿਲਮ ਦੇ ਨਾਮ ਤੋਂ ਝਲਕਦਾ ਹੈ। ਇਹ ਦਰਸ਼ਕਾਂ ਨੂੰ ਵਿਸ਼ਵਾਸ ਨਾਲ ਜੋੜੇਗੀ ਅਤੇ ਧਾਰਮਿਕ ਦ੍ਰਿਸ਼ਟੀਕੋਣ ਰਾਹੀਂ ਦਿਲਾਂ ਨੂੰ ਛੂਹੇਗੀ। ਪੋਸਟਰ ਨੂੰ ਲੋਕਾਂ ਵੱਲੋਂ ਦਿਲ ਨੂੰ ਛੂਹਣ ਵਾਲੀਆਂ ਟਿੱਪਣੀਆਂ ਨਾਲ ਭਰਪੂਰ ਪਿਆਰ ਮਿਲ ਰਿਹਾ ਹੈ।
ਮਸ਼ਹੂਰ ਅਦਾਕਾਰ ਵਿਕਰਮਜੀਤ ਵਿਰਕ ਨੇ ਫਿਲਮ ਦਾ ਐਲਾਨ ਕਰਨ ਲਈ ਆਪਣੇ ਸੋਸ਼ਲ ਮੀਡੀਆ ਹੈਂਡਲ ਦਾ ਸਹਾਰਾ ਲਿਆ ਅਤੇ ਲਿਖਿਆ ਕਿ ਅਸੀਂ ਆਪਣੇ ਹੋਮ ਪ੍ਰੋਡਕਸ਼ਨ ਵਾਲੀ ਫਿਲਮ ਦੀ ਪਹਿਲੀ ਲੁੱਕ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਸ ਦਾ ਨਾਂ ਹੈ 'ਮੇਰਾ ਬਾਬਾ ਨਾਨਕ'। ਇਹ ਫਿਲਮ ਇਸ ਵਿਸਾਖੀ ਉਤੇ ਰਿਲੀਜ਼ ਹੋ ਜਾਵੇਗੀ।ਇਸ ਤੋਂ ਪਹਿਲਾਂ ਅਦਾਕਾਰ ਨੇ ਜੂਨ 2022 ਵਿੱਚ ਪੋਸਟ ਸਾਂਝੀ ਕਰਕੇ ਦੱਸਿਆ ਸੀ ਕਿ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਅਤੇ ਅਦਾਕਾਰ ਨੇ ਲਿਖਿਆ ਸੀ 'ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਣੀ ਪੰਜਾਬੀ ਫਿਲਮ "ਪ੍ਰੋਡਕਸ਼ਨ ਨੰਬਰ 1" ਦੀ ਸ਼ੂਟਿੰਗ ਪੂਰੀ ਹੋ ਚੁੱਕੀ ਏ। ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਸਾਰੀ ਟੀਮ ਅਤੇ ਦੋਸਤਾਂ ਨੇ ਦਿਨ ਰਾਤ ਮਿਹਨਤ ਕੀਤੀ, ਉਹਨਾਂ ਦਾ ਦਿਲੋਂ ਧੰਨਵਾਦ, ਚੰਗੇ ਲੋਕਾਂ ਦੇ ਸਾਥ ਤੋਂ ਬਿਨਾਂ ਕੰਮ ਬਹੁਤ ਔਖਾ ਹੁੰਦਾ। ਬਾਕੀ ਤੁਸੀਂ ਸਾਰੇ ਤਿਆਰੀਆਂ ਖਿੱਚ ਲਓ ਬਹੁਤ ਜਲਦੀ ਹੀ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ।' ਇਸ ਦੇ ਨਾਲ ਹੀ ਵਿਕਰਮਜੀਤ ਵਿਰਕ ਨੇ ਤਿੰਨ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।ਫਿਲਮ ਦੀ ਸਟਾਰ ਕਾਸਟ ਵਿੱਚ ਅਮਨਮੀਤ ਸਿੰਘ, ਵਿਕਰਮਜੀਤ ਵਿਰਕ, ਹਰਸ਼ਜੋਤ ਕੌਰ, ਹਰਪ੍ਰੀਤ ਬੈਂਸ, ਕੁਲ ਸਿੱਧੂ, ਮਿੰਟੂ ਕਾਪਾ, ਮਹਾਬੀਰ ਭੁੱਲਰ, ਤਰਸੇਮ ਪਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਅਨੀਤਾ ਮੀਤ, ਵਰਿੰਦਰ ਵਸ਼ਿਸ਼ਟ, ਰਣਦੀਪ ਭੰਗੂ, ਅੰਮ੍ਰਿਤਪਾਲ ਬਿੱਲਾ, ਜਸਬੀਰ ਜੀ , ਨਿਮਰਤ ਪ੍ਰਤਾਪ ਸਿੰਘ, ਗੁਰਸੇਵਕ ਮੰਡੇਰ ਅਤੇ ਦਿਲਨੂਰ ਏਂਜਲ ਹਨ ਫਿਲਮ ਅਮਨਮੀਤ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।ਫਿਲਮ ਦੇ ਗੀਤਕਾਰ ਅਮਰਦੀਪ ਸਿੰਘ ਗਿੱਲ, ਦੀਪ ਅਟਵਾਲ ਅਤੇ ਅਮਰ ਜਲਾਲ ਹਨ। ਬੈਕਗਰਾਉਂਡ ਸਕੋਰ ਜੈਦੇਵ ਕੁਮਾਰ ਦੁਆਰਾ ਦਿੱਤਾ ਗਿਆ ਹੈ ਅਤੇ ਸੰਗੀਤ ਮਨਪਾਲ ਸਿੰਘ, ਜਸਕੀਰਤ ਸਿੰਘ ਅਤੇ ਭਾਈ ਮੰਨਾ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ। ਡੀਓਪੀ ਕਾਰਤਿਕ ਕੇ ਅਤੇ ਇਸਨੂੰ ਹਾਰਦਿਕ ਸਿੰਘ ਰੀਨ ਦੁਆਰਾ ਸੰਪਾਦਿਤ ਕੀਤਾ ਗਿਆ ਹੈ।