ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮੌਜੂਦਾ ਅਤੇ ਦਿਨ-ਬ-ਦਿਨ ਪ੍ਰਭਾਵੀ ਰੂਪ ਅਤੇ ਰੁਖ ਅਖ਼ਤਿਆਰ ਕਰਦੇ ਜਾ ਰਹੇ ਮੁਹਾਂਦਰੇ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਅਜਿਹੇ ਕਈ ਚਿਹਰੇ ਨਜ਼ਰੀ ਪੈਂਦੇ ਹਨ, ਜੋ ਇਸ ਖਿੱਤੇ ਨੂੰ ਹੋਰ ਪ੍ਰਭਾਵਪੂਰਨ ਬਣਾਉਣ ਵਿੱਚ ਅਹਿਮ ਭੂਮਿਕਾ ਰਹੇ ਹਨ, ਜਿੰਨਾਂ ਵਿੱਚੋਂ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾ ਰਹੇ ਹਨ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਲੇਖਕ ਸੁਰਿੰਦਰ ਅੰਗੁਰਾਲ, ਜੋ ਨਵੇਂ ਵਰ੍ਹੇ ਦੇ ਆਗਾਜ਼ ਨਾਲ ਹੀ ਆਪਣੇ ਕਈ ਹੋਰ ਬਿਹਤਰੀਨ ਫਿਲਮ ਪ੍ਰੋਜੈਕਟਸ ਨਾਲ ਸਾਹਮਣੇ ਆਉਣ ਜਾ ਰਹੇ ਹਨ।
ਮੂਲ ਰੂਪ ਵਿੱਚ ਪੰਜਾਬ ਦੇ ਸਪੋਰਟਸ ਉਦਯੋਗ ਖਿੱਤੇ ਜਲੰਧਰ ਨਾਲ ਸੰਬੰਧਿਤ ਹਨ ਇਹ ਬੇਹਤਰੀਨ ਲੇਖਕ, ਜੋ ਪਿਛਲੇ ਕਈ ਸਾਲਾਂ ਤੱਕ ਬਾਲੀਵੁੱਡ ਵਿੱਚ ਬਤੌਰ ਲੇਖਕ, ਐਕਟਰ ਅਤੇ ਸਟੈਂਡਅੱਪ ਕਾਮੇਡੀਅਨ ਸਰਗਰਮ ਰਹੇ ਹਨ ਅਤੇ ਛੋਟੇ ਪਰਦੇ ਦੇ ਬੇਸ਼ੁਮਾਰ ਰਿਐਲਟੀ ਸੋਅਜ਼ ਅਤੇ ਸੀਰੀਅਲ ਪ੍ਰੋਜੈਕਟਾਂ ਨਾਲ ਜੁੜੇ ਰਹਿਣ ਦਾ ਮਾਣ ਵੀ ਹਾਸਿਲ ਕਰ ਚੁੱਕੇ ਹਨ।
ਦੁਆਬੇ ਅਧੀਨ ਆਉਂਦੇ ਆਪਣੇ ਮਸ਼ਹੂਰ ਸ਼ਹਿਰ ਦੀਆਂ ਗਲੀਆਂ ਵਿੱਚ ਖੇਡਦਿਆਂ ਜਵਾਨੀ ਦੀ ਦਹਿਲੀਜ਼ ਵੱਲ ਵਧੇ ਇਸ ਪ੍ਰਤਿਭਾਵਾਨ ਨੌਜਵਾਨ ਨੇ ਯੁਵਕ ਮੇਲਿਆਂ, ਕਾਲਜ ਫੰਕਸ਼ਨਾਂ ਅਤੇ ਪਰਿਵਾਰਕ ਫੰਕਸ਼ਨਾਂ ਵਿੱਚ ਆਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਂਦਿਆਂ ਆਪਣੇ ਕਲਾ ਖੇਤਰ ਕਰੀਅਰ ਦੀ ਸ਼ੁਰੂਆਤ ਕੀਤੀ।
ਪਰ ਉਸ ਦੇ ਹਿੱਸੇ ਅਸਲ ਸਫਲਤਾ ਉਦੋਂ ਆਈ, ਜਦੋਂ ਉਸ ਨੂੰ ਵੱਡੇ ਪੱਧਰ ਉੱਪਰ ਮੰਚਿਤ ਹੋਏ ਨਾਟਕ 'ਹਾਸੇ ਦਾ ਮਾਸਟਰ' ਲਈ ਚੁਣਿਆ ਗਿਆ, ਜਿੱਥੋਂ ਮਿਲੀ ਮਣਾਂਮੂਹੀ ਕਾਮਯਾਬੀ ਅਤੇ ਸ਼ਲਾਘਾ ਬਾਅਦ ਉਸ ਦਾ ਸਫ਼ਰ ਅਗਾਂਹ ਹੀ ਅਗਾਂਹ ਮਾਣਮੱਤੀਆਂ ਰਾਹਾਂ ਦਾ ਸਫ਼ਰ ਤੈਅ ਕਰਦਾ ਗਿਆ।
ਇਸੇ ਦੌਰਾਨ ਉਸ ਨੇ ਪੀਟੀਸੀ ਵਿੱਚ ਬਤੌਰ ਕਾਮੇਡੀਅਨ ਆਪਣੀ ਸ਼ਲਾਘਾਯੋਗ ਕਾਰਗੁਜ਼ਾਰੀ ਵਿਖਾਉਣ ਦੇ ਨਾਲ-ਨਾਲ ਮੰਨੋਰੰਜਨ ਉਦਯੋਗ ਵਿੱਚ 'ਲਾਫ ਇੰਡੀਆ ਲਾਫ' ਅਤੇ 'ਲਾਈਫ ਓਕੇ ਹਾਸਰਸ' ਸੋਅਜ਼ ਜਿਹੀਆਂ ਕਈ ਅਹਿਮ ਪ੍ਰਾਪਤੀਆਂ ਨੂੰ ਆਪਣੇ ਨਾਂਅ ਕੀਤਾ, ਜਿਸ ਵਿਚ ਛੋਟੇ ਪਰਦੇ ਲਈ ਕਰਵਾਈ ਗਈ 'ਬਾਕਸ ਆਫਿਸ ਲੀਗ' ਵੀ ਸ਼ਾਮਲ ਰਹੀ, ਜਿਸ ਵਿੱਚ ਸੋਨੂੰ ਸੂਦ, ਹਰਭਜਨ ਭੱਜੀ, ਅਮੀਸ਼ਾ ਪਟੇਲ, ਭਾਰਤੀ ਸਿੰਘ ਆਦਿ ਜਿਹੀ ਸੈਲੀਬ੍ਰਿਟੀ ਟੀਮਾਂ ਵਿਚਕਾਰ ਉਸ ਨੇ ਬਤੌਰ ਪ੍ਰਤੀਭਾਗੀ ਅਪਣੀ ਸ਼ਾਨਦਾਰ ਉਪਸਥਿਤੀ ਦਾ ਇਜ਼ਹਾਰ ਕਰਵਾਉਦਿਆਂ ਕਈ ਮਾਣ ਸਨਮਾਨ ਵੀ ਅਪਣੀ ਝੋਲੀ ਪਾਏ।
ਹਾਲ ਹੀ ਦੇ ਸਮੇਂ ਦੌਰਾਨ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ', 'ਬਿਊਟੀਫੁੱਲ ਬਿੱਲੋ' ਅਤੇ 'ਗੋਲੇ ਦੀ ਬੇਗੀ' ਜਿਹੇ ਚਰਚਿਤ ਪੰਜਾਬ ਫਿਲਮ ਪ੍ਰੋਜੈਕਟਾਂ ਨਾਲ ਜੁੜਿਆ ਰਿਹਾ ਇਹ ਬ੍ਰਿਲੀਅਟ ਨੌਜਵਾਨ ਇਸ ਵਰ੍ਹੇ ਦੇ ਅਪਣੇ ਕਰੀਅਰ ਆਗਾਜ਼ ਨੂੰ ਖੂਬਸੂਰਤ ਰੰਗ ਦਿੰਦਿਆਂ ਕਈ ਵੱਡੇ ਪ੍ਰੋਜੈਕਟਸ ਨਾਲ ਸਾਹਮਣੇ ਆਉਣ ਜਾ ਰਿਹਾ ਹੈ, ਜਿਸ ਦੀਆਂ ਬਤੌਰ ਲੇਖਕ ਰਿਲੀਜ਼ ਹੋਣ ਜਾ ਰਹੀਆਂ ਪੰਜਾਬੀ ਫਿਲਮਾਂ ਵਿੱਚ 'ਚੱਲ ਭੱਜ ਚੱਲੀਏ' ਅਤੇ 'ਫੱਤੋ ਦੇ ਯਾਰ ਬੜੇ ਨੇ' ਸ਼ੁਮਾਰ ਹਨ, ਜਿੰਨਾਂ ਵਿਚ ਕ੍ਰਮਵਾਰ ਇੰਦਰ ਚਾਹਲ, ਰੁਬੀਨਾ ਦਿਲਾਇਕ ਜਿਹੇ ਕਈ ਮੰਨੇ ਪ੍ਰਮੰਨੇ ਚਿਹਰੇ ਲੀਡਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੇ।