ਫਰੀਦਕੋਟ: ਪੰਜਾਬੀ ਸੰਗੀਤ ਜਗਤ 'ਚ ਚਰਚਿਤ ਨਾਮ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਗਾਇਕਾਂ ਅਮਨ ਰੋਜੀ ਆਪਣਾ ਨਵਾਂ ਟਰੈਕ 'ਜੱਟ ਦੀਆਂ 3 ਸਹੇਲੀਆਂ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਹੈ। ਇਸ ਟਰੈਕ ਨੂੰ ਕੱਲ੍ਹ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮਾਂ 'ਤੇ ਰੀਲੀਜ਼ ਕਰ ਦਿੱਤਾ ਜਾਵੇਗਾ। 'ਜਸ ਰਿਕਾਰਡਜ਼' ਵੱਲੋਂ ਵੱਡੇ ਪੱਧਰ 'ਤੇ ਸੰਗ਼ੀਤਕ ਮਾਰਕੀਟ ਵਿੱਚ ਰਿਲੀਜ਼ ਕੀਤੇ ਜਾ ਰਹੇ ਇਸ ਟਰੈਕ ਦੇ ਬੋਲ ਅਤੇ ਕੰਪੋਜੀਸ਼ਨ ਬੱਬੂ ਬਰਾੜ ਵੱਲੋ ਰਚੇ ਗਏ ਹਨ, ਜਦਕਿ ਨੱਚਣ ਟੱਪਣ ਵਾਲੇ ਬੀਟ ਸੋਂਗ ਦਾ ਮਿਊਜ਼ਿਕ ਜੀ.ਗੁਰੀ ਨੇ ਤਿਆਰ ਕੀਤਾ ਹੈ, ਜੋ ਇਸ ਤੋਂ ਪਹਿਲਾ ਨਾਮਵਰ ਗਾਇਕ-ਗਾਇਕਾਵਾਂ ਨਾਲ ਬੇਸ਼ੁਮਾਰ ਸੁਪਰ ਹਿੱਟ ਗਾਣਿਆਂ ਨੂੰ ਸਾਹਮਣੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੇ ਇਸ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਅਤੇ ਪ੍ਰਭਾਵੀ ਬਣਾਇਆ ਗਿਆ ਹੈ, ਜਿਸ ਨੂੰ ਜੰਗਲੀਜ਼ ਵੱਲੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਦਕਿ ਇਸ ਵੀਡੀਓ ਦੀ ਸਟੋਰੀ-ਸਕ੍ਰੀਨਪਲੇ ਅਤੇ ਨਿਰਦੇਸ਼ਨ ਜਸ ਪੇਸੀ ਵੱਲੋਂ ਬੇਹੱਦ ਬਾਕਮਾਲ ਤਰੀਕੇ ਨਾਲ ਸਿਰਜਿਆ ਗਿਆ ਹੈ। ਪੰਜਾਬ ਦੇ ਪੁਰਾਤਨ ਅਤੇ ਠੇਠ ਦੇਸੀ ਰੰਗਾਂ ਵਿੱਚ ਰੰਗੇ ਗਏ ਇਸ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਗੁਰੀ ਤੂਰ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾ ਬਹੁਤ ਸਾਰੇ ਮਿਊਜ਼ਿਕ ਵੀਡੀਓਜ਼ ਵਿੱਚ ਸ਼ਾਨਦਾਰ ਫੀਚਰਿੰਗ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ।
ਗਾਇਕਾਂ ਅਮਨ ਰੋਜੀ ਹਾਲ ਹੀ ਵਿੱਚ ਰਿਲੀਜ਼ ਹੋਏ ਅਤੇ ਚਾਰੋ ਸਾਹਿਬਜਾਦਿਆਂ ਨੂੰ ਸਮਰਪਿਤ ਕੀਤੇ ਗਏ ਆਪਣੇ ਧਾਰਮਿਕ ਗਾਣਿਆਂ 'ਗੰਗੂ ਪਾਪੀ' ਅਤੇ 'ਗੁਰਾਂ ਦੇ ਲਾਲ' ਨੂੰ ਲੈ ਕੇ ਵੀ ਕਾਫ਼ੀ ਚਰਚਾ ਅਤੇ ਮਾਣ ਹਾਸਿਲ ਕਰ ਚੁੱਕੀ ਹੈ। ਗਾਇਕੀ ਤੋਂ ਬਾਅਦ ਸੋਲੋ ਗਾਇਕਾਂ ਵਜੋ ਵੀ ਪੜਾਅ ਦਰ ਪੜਾਅ ਸਫ਼ਲਤਾ ਹਾਸਿਲ ਕਰ ਰਹੀ ਗਾਇਕਾਂ ਅਮਨ ਰੋਜੀ ਆਉਣ ਵਾਲੇ ਦਿਨਾਂ ਵਿੱਚ ਅਪਣੇ ਕੁਝ ਹੋਰ ਨਵੇਂ ਗਾਣੇ ਲੈ ਕੇ ਦਰਸ਼ਕਾਂ ਸਨਮੁੱਖ ਹੋਵੇਗੀ, ਜਿੰਨਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਜਾਰੀ ਹੈ।