ਮੁੰਬਈ (ਬਿਊਰੋ): ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਅੱਜਕੱਲ੍ਹ ਕਿਸੇ ਜਾਣ-ਪਛਾਣ 'ਤੇ ਨਿਰਭਰ ਨਹੀਂ ਹੈ। 'ਬਿੱਗ ਬੌਸ 13' 'ਚ ਪ੍ਰਵੇਸ਼ ਕਰ ਕੇ ਸ਼ਹਿਨਾਜ਼ ਨੇ ਪੂਰੇ ਭਾਰਤ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਲਈ ਹੈ।
ਅੱਜ ਬਿੱਗ ਬੌਸ 13 ਦੇ ਚਾਰ ਸਾਲ ਬਾਅਦ ਸ਼ਹਿਨਾਜ਼ ਆਪਣੇ ਦਮ 'ਤੇ ਬਾਲੀਵੁੱਡ 'ਚ ਐਂਟਰੀ ਕਰ ਰਹੀ ਹੈ। ਸ਼ਹਿਨਾਜ਼ ਕਿਸੇ ਛੋਟੀ ਫਿਲਮ ਨਾਲ ਨਹੀਂ ਬਲਕਿ ਸਭ ਤੋਂ ਵੱਡੇ ਸੁਪਰਸਟਾਰਾਂ 'ਚੋਂ ਇਕ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ।
ਇਸ ਦੌਰਾਨ ਸ਼ਹਿਨਾਜ਼ ਗਿੱਲ ਬਾਰੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਹ ਖੁਲਾਸਾ ਖੁਦ ਸ਼ਹਿਨਾਜ਼ ਗਿੱਲ ਨੇ ਕੀਤਾ ਹੈ। ਸ਼ਹਿਨਾਜ਼ ਨੇ ਦੱਸਿਆ ਕਿ ਉਹ ਪੰਜਾਬੀ ਫਿਲਮ ਇੰਡਸਟਰੀ ਤੋਂ ਦੂਰ ਹੋ ਗਈ ਸੀ। ਸ਼ਹਿਨਾਜ਼ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਨੂੰ ਆਪਣੀ ਹੀ ਫਿਲਮ ਦੇ ਪ੍ਰੀਮੀਅਰ ਲਈ ਨਹੀਂ ਬੁਲਾਇਆ ਗਿਆ ਤਾਂ ਉਹ ਰੋ ਪਈ ਸੀ।
'ਮੈਂ ਉਸ ਦਿਨ ਬਹੁਤ ਰੋਈ'-ਸ਼ਹਿਨਾਜ਼: ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਪ੍ਰਮੋਸ਼ਨ ਦੌਰਾਨ ਦਿੱਤੇ ਇੰਟਰਵਿਊ 'ਚ ਸ਼ਹਿਨਾਜ਼ ਗਿੱਲ ਨੇ ਕਿਹਾ ਹੈ 'ਮੈਂ ਕਈ ਫਿਲਮਾਂ 'ਚ ਸੈਕਿੰਡ ਲੀਡ ਰੋਲ ਅਦਾ ਕੀਤਾ ਹੈ, ਉਨ੍ਹਾਂ ਨੇ ਮੈਨੂੰ ਫਿਲਮ ਦੇ ਪ੍ਰੀਮੀਅਰ ਤੱਕ ਨਹੀਂ ਬੁਲਾਇਆ, ਬਾਕੀ ਸਾਰਿਆਂ ਨੂੰ ਬੁਲਾਇਆ। ਇਥੋਂ ਤੱਕ ਕਿ ਪ੍ਰੋਡਕਸ਼ਨ ਹਾਊਸ ਤੱਕ ਨੂੰ ਵੀ। ਇਹ ਇੱਕ ਪੰਜਾਬੀ ਫਿਲਮ ਸੀ, ਜਦੋਂ ਮੈਂ ਜਾ ਰਹੀ ਸੀ ਤਾਂ ਮੈਂ ਪ੍ਰੀਮੀਅਰ ਵੀਡੀਓ ਅਤੇ ਫੋਟੋਆਂ ਦੇਖੀਆਂ, ਉਸ ਦਿਨ ਮੈਂ ਬਹੁਤ ਰੋਈ। ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਫਿਰ ਕੈਂਸਲ ਕਰ ਦਿੱਤਾ, ਉਸ ਸਮੇਂ ਮੈਂ ਬਹੁਤ ਉਦਾਸ ਸੀ, ਪੰਜਾਬੀ ਫਿਲਮ ਇੰਡਸਟਰੀ ਨੇ ਮੈਨੂੰ ਪੂਰੀ ਤਰ੍ਹਾਂ ਅਲੱਗ ਕਰ ਦਿੱਤਾ ਸੀ।
ਤੁਹਾਨੂੰ ਦੱਸ ਦਈਏ ਹੁਣ ਸ਼ਹਿਨਾਜ਼ ਗਿੱਲ ਲਈ ਉਸ ਦੇ ਪ੍ਰਸ਼ੰਸਕਾਂ ਦੇ ਦਿਲ ਧੜਕ ਰਹੇ ਹਨ। ਸਾਲ 2019 ਤੋਂ 2023 ਤੱਕ ਸ਼ਹਿਨਾਜ਼ ਨੇ ਅਦਾਕਾਰੀ ਦੀ ਦੁਨੀਆ ਅਤੇ ਦੇਸ਼ ਵਾਸੀਆਂ 'ਚ ਚੰਗੀ ਪਛਾਣ ਬਣਾਈ ਹੈ। ਹੁਣ ਸ਼ਹਿਨਾਜ਼ ਆਪਣੀ ਬਾਲੀਵੁੱਡ ਡੈਬਿਊ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ, ਜੋ 21 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਗਿੱਲ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' 'ਚ ਸਕੂਨ ਨਾਂ ਦੀ ਚੁਲਬਲੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਜੋ ਗਿੱਲ ਦੇ ਪ੍ਰਸ਼ੰਸਕਾਂ ਲ਼ਈ ਖੁਸ਼ੀ ਦੀ ਖ਼ਬਰ ਹੈ।