ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾ ਦੇ ਖੇਤਰ ਵਿੱਚ ਨਿਵੇਕਲੀ ਅਤੇ ਸਫ਼ਲ ਪਹਿਚਾਣ ਕਾਇਮ ਕਰ ਚੁੱਕੇ ਹਨ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ, ਜੋ ਹੁਣ ਧਾਰਮਿਕ ਗਾਇਕੀ ਦੇ ਖਿੱਤੇ ਵਿੱਚ ਵੀ ਆਪਣਾ ਆਧਾਰ ਦਾਇਰਾ ਲਗਾਤਾਰ ਹੋਰ ਵਿਸ਼ਾਲ ਕਰਦੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਹੀ ਕੀਤੀਆਂ ਜਾ ਰਹੀਆਂ ਆਪਣੀਆਂ ਕੋਸ਼ਿਸ਼ਾਂ ਦੀ ਲੜੀ ਵਜੋਂ ਉਹ ਜਲਦ ਹੀ ਆਪਣੇ ਨਵੇਂ ਭਜਨ ਦੀ ਈਪੀ ਲੈ ਕੇ ਭਗਤਜਨਾਂ ਸਨਮੁੱਖ ਹੋ ਰਹੇ ਹਨ, ਜਿੰਨਾਂ ਨੂੰ ਜਲਦੀ ਹੀ ਉਨਾਂ ਦੁਆਰਾ ਵੱਖ-ਵੱਖ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ।
'ਸ਼੍ਰੀ ਰਾਮ' ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਈਪੀ ਨੂੰ 'ਆਪਣਾ ਬਣਾ ਲੈ ਮੇਰੇ ਰਾਮ' ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼ਾਮਿਲ ਕੀਤੇ ਗਏ ਭਜਨਾਂ ਨੂੰ ਬੋਲ ਅਤੇ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਵੀ ਖੁਦ ਰੌਸ਼ਨ ਪ੍ਰਿੰਸ ਨੇ ਤਿਆਰ ਕੀਤੀ ਹੈ, ਜਦਕਿ ਇਸ ਦਾ ਮਧੁਰ ਅਤੇ ਰੂਹਾਨੀਅਤ ਰੰਗਾਂ ਵਿੱਚ ਰੰਗਿਆ ਸੰਗੀਤ ਅਮਦਾਦ ਅਲੀ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ।
ਨਵੇਂ ਵਰ੍ਹੇ ਦੇ ਇਸੇ ਜਨਵਰੀ ਅਤੇ ਫਰਵਰੀ ਮਹੀਨੇ ਦੇ ਦੋ ਵੱਖ-ਵੱਖ ਪੜਾਵਾਂ ਵਿੱਚ ਰਿਲੀਜ਼ ਕੀਤੇ ਜਾ ਰਹੇ ਉਪਰੋਕਤ ਈਪੀ ਵਿੱਚ ਹਿੰਦੀ ਅਤੇ ਪੰਜਾਬੀ ਗਾਇਨ ਸੁਮੇਲ ਅਧੀਨ ਛੇ ਭਜਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਜਿੰਨਾਂ ਵਿੱਚ 'ਆਪਣਾ ਬਨਾ ਲੈ ਮੇਰੇ ਰਾਮ', 'ਰਾਮ ਜਹਾਂ ਕੇ ਰਾਜਾ ਹੈ', 'ਸ਼ਬਰੀ', 'ਚਿੰਤਾ ਹਾਰੇਗੇ ਹਨੂੰਮਾਨ', 'ਬਾਲਾਜੀ ਤੁਹਾਡਾ ਭਜਨ ਕਰਾਂ', 'ਸਾਲਾਸਰ ਆ ਗਿਆ' ਆਦਿ ਸ਼ੁਮਾਰ ਹਨ। ਜਿਸ ਸੰਬੰਧਤ ਮਿਊਜ਼ਿਕ ਵੀਡੀਓਜ਼ ਦੀ ਸ਼ੂਟਿੰਗ ਵੀ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਮੁਕੰਮਲ ਕਰ ਲਈ ਗਈ ਹੈ, ਜਿੰਨਾਂ ਦਾ ਨਿਰਦੇਸ਼ਨ ਵੱਖੋ-ਵੱਖਰੇ ਨਿਰਦੇਸ਼ਕਾਂ ਵੱਲੋਂ ਕੀਤਾ ਗਿਆ ਹੈ। ਜਦਕਿ ਇੰਨਾਂ ਦੇ ਕੈਮਰਾਮੈਨ ਦੇ ਤੌਰ 'ਤੇ ਜਿੰਮੇਵਾਰੀਆਂ ਰਾਵਿਤ ਅਤੇ ਨੀਰਜ ਕੇ ਰਾਠੀ ਦੁਆਰਾ ਨਿਭਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ਦਿਨਾਂ ਵਿੱਚ ਅਪਣਾ ਇੱਕ ਹੋਰ ਧਾਰਮਿਕ ਈਪੀ 'ਨਯਾ ਸਾਲ ਬਾਲਾਜੀ ਕੇ ਨਾਮ' ਵੀ ਭਗਤਜਨਾਂ ਦੇ ਸਨਮੁੱਖ ਕਰ ਚੁੱਕੇ ਹਨ ਇਹ ਬਿਹਤਰੀਨ ਗਾਇਕ। ਜਿੰਨਾਂ ਦੀ ਸੁਰੀਲੀ ਆਵਾਜ਼ ਵਿੱਚ ਸਜੇ ਇੰਨਾਂ ਭਜਨਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿਸ ਅਧੀਨ ਹੀ ਭਗਤਜਨਾਂ ਦੇ ਮਿਲ ਰਹੇ ਹੁੰਗਾਰੇ ਨੂੰ ਵੇਖਦਿਆਂ ਉਤਸ਼ਾਹਿਤ ਹੋਏ ਇਹ ਉਮਦਾ ਫਨਕਾਰ, ਇਸ ਖੇਤਰ ਵਿਚ ਅਪਣੀਆਂ ਗਾਇਕੀ ਕੋਸ਼ਿਸ਼ਾਂ ਨੂੰ ਹੋਰ ਵਿਸਥਾਰ ਦੇਣ ਵਿਚ ਜੁਟ ਗਏ ਹਨ।
ਜਿੰਨਾ ਅਨੁਸਾਰ ਕਮਰਸ਼ਿਅਲ ਗਾਇਕੀ ਦੇ ਨਾਲ ਹਰ ਧਾਰਮਿਕ ਖੇਤਰ ਪ੍ਰਤੀ ਅਪਣੀਆਂ ਆਸਥਾਵਾਂ ਦਾ ਪ੍ਰਗਟਾਵਾ ਕਰਨਾ ਉਨਾਂ ਦੀ ਹਮੇਸ਼ਾ ਗਾਇਨ ਤਰਜ਼ੀਹ ਵਿੱਚ ਸ਼ਾਮਿਲ ਰਿਹਾ ਹੈ, ਜਿਸ ਦਾ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਵੀ ਉਨਾਂ ਵੱਲੋਂ ਬਰਕਰਾਰ ਰੱਖਿਆ ਜਾਵੇਗਾ।