ਚੰਡੀਗੜ੍ਹ: 'ਪੋਸਤੀ', 'ਅਰਦਾਸ' ਅਤੇ 'ਮਾਂ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਅਦਾਕਾਰ-ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਇੰਨੀਂ ਦਿਨੀਂ ਆਪਣੇ ਨਾਟਕ 'ਮਾਸਟਰ ਜੀ' ਨੂੰ ਲੈ ਕੇ ਚਰਚਾ ਵਿੱਚ ਹਨ, ਅਦਾਕਾਰ ਆਏ ਦਿਨ ਪੰਜਾਬ ਦੇ ਵੱਖ-ਵੱਖ ਕਾਲਜਾਂ-ਯੂਨੀਵਰਸਿਟੀਆਂ ਵਿੱਚ ਜਾ ਕੇ ਆਪਣੇ ਬਹੁ-ਚਰਚਿਤ ਨਾਟਕ ਮਾਸਟਰ ਜੀ ਦਾ ਮੰਚਨ ਕਰ ਰਹੇ ਹਨ। ਇਸੇ ਤਰ੍ਹਾਂ ਬੀਤੇ ਦਿਨੀਂ ਅਦਾਕਾਰ ਨੇ ਬਰਨਾਲੇ ਦੇ ਇੱਕ ਕਾਲਜ ਵਿੱਚ ਇਸ ਨਾਟਕ ਦਾ ਮੰਚਨ ਕੀਤਾ। ਇਸ ਪੇਸ਼ਕਾਰੀ ਤੋਂ ਬਾਅਦ ਅਦਾਕਾਰ ਰਘਵੀਰ ਬੋਲੀ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਅਦਾਕਾਰ ਨੇ ਰਾਣਾ ਰਣਬੀਰ ਲਈ ਪੋਸਟ ਸਾਂਝੀ ਕਰ ਦਿੱਤੀ।
ਰਘਵੀਰ ਬੋਲੀ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਪਰਸੋਂ ਰਾਤੀਂ ਬਰਨਾਲੇ "ਸਟੇਜਾਂ ਦੇ ਪੁੱਤ" (ਰਾਣੇ ਬਾਈ ਨੂੰ ਮੈਂ ਇਸੇ ਟਾਈਟਲ ਨਾਲ ਸੰਬੋਧਨ ਕਰਦਾ ਹੁੰਨਾਂ ) ਦਾ ਦੇਸ਼ਾਂ ਵਿਦੇਸ਼ਾਂ ਵਿੱਚ ਹਰਮਨ ਪਿਆਰਾ ਨਾਟਕ "ਮਾਸਟਰ ਜੀ" ਦੇਖਣ ਦਾ ਮੌਕਾ ਮਿਲਿਆ। ਨਾਟਕ ਕਾਹਦਾ ਮੈਂ ਕਹਾਂਗਾ ਕਿ ਸੱਚਮੁੱਚ ਇੱਕ ਕਲਮ ਦੇ ਮਾਸਟਰ, ਕਾਮੇਡੀ ਦੇ ਮਾਸਟਰ, ਅਦਾਕਾਰੀ ਦੇ ਮਾਸਟਰ ਅਤੇ ਸੋਹਣੇ ਸ਼ਬਦਾਂ ਦੇ ਮਾਸਟਰ ਦੀ ਕਲਾਸ ਵਿੱਚ ਬੈਠਣ ਦਾ ਮੌਕਾ ਮਿਲਿਆ। ਏਸ ਕਲਾਸ ਵਿੱਚ ਅੱਖਾਂ ਵੀ ਗਿੱਲੀਆਂ ਹੋਈਆਂ, ਹੱਸੇ ਵੀ, ਆਪਣੇ ਆਪ ਨਾਲ ਵੀ ਗੱਲ ਕਰਨ ਲਈ ਹਲੂਣਾ ਮਿਲਿਆ ਆ ਕਦੇ-ਕਦੇ ਵੀਰ ਰਸ ਵੀ ਜੋਸ਼ ਭਰ ਦਿੰਦਾ ਸੀ।'
- Mastaney On OTT Release Date: ਸਿਨੇਮਾਘਰਾਂ ਵਿੱਚ ਇਤਿਹਾਸ ਬਣਾਉਣ ਤੋਂ ਬਾਅਦ ਹੁਣ ਇਸ ਦਿਨ OTT ਉਤੇ ਰਿਲੀਜ਼ ਹੋਵੇਗੀ ਫਿਲਮ 'ਮਸਤਾਨੇ
- Maujaan Hi Maujaan: ਗਿੱਪੀ ਗਰੇਵਾਲ ਸਮੇਤ ਫਿਲਮ 'ਮੌਜਾਂ ਹੀ ਮੌਜਾਂ' ਦੀ ਟੀਮ ਪਹੁੰਚੀ ਪਾਕਿਸਤਾਨ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ
- 69th National Film Awards: ਪਤੀ ਰਣਬੀਰ ਕਪੂਰ ਨਾਲ ਨੈਸ਼ਨਲ ਫਿਲਮ ਅਵਾਰਡ ਲੈਣ ਪਹੁੰਚੀ ਆਲੀਆ ਭੱਟ, ਦੇਖੋ ਵੀਡੀਓ
ਅਦਾਕਾਰ ਨੇ ਅੱਗੇ ਲਿਖਿਆ 'ਪਤਾ ਈ ਨੀ ਲੱਗਾ ਕਦੋਂ ਦੋ-ਢਾਈ ਘੰਟੇ ਲੰਘ ਗਏ ਅਤੇ ਸਾਰੀ ਛੁੱਟੀ ਦੀ ਘੰਟੀ ਵੱਜ ਗਈ, ਕੱਲ੍ਹ ਐਂਵੇਂ ਮਹਿਸੂਸ ਹੋਇਆ ਵੀ ਇਹ ਪੀਰੀਅਡ ਹੋਰ ਚੱਲਣਾ ਚਾਹੀਦਾ ਸੀ। ਮੈਂ ਹਮੇਸ਼ਾ ਕਹਿਨਾਂ ਹੁੰਨਾ ਕਿ ਰਾਣੇ ਬਾਈ ਵਰਗੇ ਮਾਸਟਰ ਹਰ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਹੋਣੇ ਚਾਹੀਦੇ ਨੇ ਜਾਂ ਫਿਰ ਮਹੀਨੇ ਵਿੱਚ ਇੱਕ ਕਲਾਸ ਤਾਂ ਹੋਣੀ ਹੀ ਚਾਹੀਦੀ ਐ। ਬਾਕੀ ਮੈਂ ਬਾਹਲਾ ਕੁਛ ਨੀ ਕਹਿਣਾ ਬੱਸ ਇਹੋ ਕਹਿਣਾ ਵੀ ਜਿਹੜੇ ਵੀ ਪਿੰਡ, ਸ਼ਹਿਰ ਜਾਂ ਦੇਸ਼ਾਂ ਵਿੱਚ ਮਾਸਟਰ ਜੀ ਆਉਣਗੇ ਤਾਂ ਇਹ ਕਲਾਸ ਜ਼ਰੂਰ ਲਾਇਓ, ਮੈਂ ਦਾਅਵੇ ਨਾਲ ਕਹਿਨਾ ਵੀ ਬੇਸ਼ੱਕ ਤੁਸੀਂ ਏਸ ਕਲਾਸ ਵਿੱਚ ਘਰੋਂ ਟਿਫਨ 'ਚ ਖਾਣਾ ਲੈ ਕੇ ਨਹੀਂ ਜਾਣਾ ਪਰ ਫਿਰ ਵੀ ਸਾਰੀ ਛੁੱਟੀ ਹੋਣ 'ਤੇ ਰੱਜਿਆ ਰੱਜਿਆ ਮਹਿਸੂਸ ਕਰੋਗੇ।'
'ਮਾਂ' ਅਦਾਕਾਰ ਨੇ ਅੱਗੇ ਲਿਖਿਆ, 'ਰਾਣੇ ਬਾਈ ਬਾਰੇ ਤਾਂ ਲਿਖਣ ਲਈ ਮੇਰੇ ਕੋਲ ਬਹੁਤ ਕੁਛ ਹੈ ਅਤੇ ਲਿਖਦੇ ਵੀ ਰਹੀਦਾ ਪਰ ਅੱਜ ਮਾਸਟਰ ਬਾਰੇ ਲਿਖਣਾ ਵਧੀਆ ਲੱਗਾ ਅਤੇ ਇਹੋ ਜਾਦੂ ਹੈ ਮਾਸਟਰ ਦਾ ਜੀਹਨੇ ਸ਼ਬਦਾਂ ਨੂੰ ਜਗਾ ਕੇ ਕਲਮ ਤੋਂ ਆਪਣੇ ਬਾਰੇ ਲਿਖਾਇਆ। ਬਹੁਤ ਕਮਾਲ ਦੀ ਪੇਸ਼ਕਾਰੀ ਰਾਣੇ ਬਾਈ ਅਤੇ ਰਾਜਵੀਰ ਬੋਪਾਰਾਏ ਬਾਈ। ਬਹੁਤ ਪਿਆਰ ਸਤਿਕਾਰ ਮਾਸਟਰ ਦੀ ਸਾਰੀ ਟੀਮ ਨੂੰ ਤੁਹਾਡੇ ਏਸ ਉਪਰਾਲੇ ਲਈ। ਬਾਈ ਭੁਪਿੰਦਰ ਬਰਨਾਲਾ, ਯਾਦਵਿੰਦਰ ਅਤੇ ਸੁਖਦੇਵ ਬਾਈ ਹੋਰਾਂ ਦਾ ਕਮਾਲ ਦਾ ਪ੍ਰਬੰਧ ਸੀ। ਮੁਬਾਰਕਾਂ ਸਭਨੂੰ।'
ਅਦਾਕਾਰ ਰਘਵੀਰ ਬੋਲੀ ਬਾਰੇ ਗੱਲ ਕਰੀਏ ਤਾਂ ਅਦਾਕਾਰ ਨੇ ਹੁਣ ਤੱਕ 30 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਬੋਲੀ ਨੇ 'ਤੂੰ ਮੇਰਾ 22 ਮੈਂ ਤੇਰਾ 22', 'ਮੰਜੇ ਬਿਸਤਰੇ', 'ਲਾਵਾਂ ਫੇਰੇ', ਇੱਕ ਸੰਧੂ ਹੁੰਦਾ ਸੀ', 'ਯਾਰਾ ਵੇ', 'ਮਾਰ ਗਏ ਓਏ ਲੋਕੋ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਜਲਦੀ ਹੀ 'ਸੋਚ ਤੋਂ ਪਰ੍ਹੇ' ਵਿੱਚ ਨਜ਼ਰ ਆਉਣਗੇ, ਜੋ ਕਿ ਪੰਜਾਬੀ ਸਿਨੇਮਾ ਵਿੱਚ ਕਾਫੀ ਉਡੀਕੀ ਜਾਣ ਵਾਲੀ ਇੱਕ ਫਿਲਮ ਹੈ।