ਚੰਡੀਗੜ੍ਹ: ਪੰਜਾਬੀ ਇੰਡਸਟਰੀ ਮਿਆਰੀ ਸਮੱਗਰੀ ਦੇ ਮਾਮਲੇ ਵਿੱਚ ਦੂਜੇ ਉਦਯੋਗਾਂ ਨੂੰ ਸਖ਼ਤ ਮੁਕਾਬਲਾ ਦੇਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ ਅਤੇ ਸਫ਼ਲਤਾ ਵੱਲ ਕਦਮ ਵਧਾਉਂਦੇ ਹੋਏ ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟਾਂ ਨਾਲ ਉਭਰ ਰਹੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਪਹਿਲਾਂ ਹੀ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ।
ਇਸੇ ਤਰ੍ਹਾਂ ਹੀ ਪੰਜਾਬੀ ਸਿਨੇਮਾ ਅਤੇ ਇੰਟਰਟੇਨਮੈਂਟ ਇੰਡਸਟਰੀ ’ਚ ਨਿਵੇਕਲੇ ਅਤੇ ਸੱਚੇ ਕੰਟੈਂਟ ਸਾਹਮਣੇ ਲਿਆਉਣ ਦੇ ਖ਼ਵਾਹਿਸ਼ਮੰਦ ਉੱਠਣ ਲੱਗ ਪਏ ਹਨ, ਜਿੰਨ੍ਹਾਂ ਵਿਚੋਂ ਹੀ ਇਕ ਹਨ ਨਿਰਦੇਸ਼ਕ ਬਲਜੀਤ ਨੂਰ, ਜਿੰਨ੍ਹਾਂ ਦੀ ਨਵੀਂ ਅਤੇ ਅਰਥ ਭਰਪੂਰ ਪੰਜਾਬੀ ਵੈੱਬਸੀਰੀਜ਼ ‘ਜਨੌਰ’ ਸੈੱਟ 'ਤੇ ਪੁੱਜ ਚੁੱਕੀ ਹੈ, ਜਿਸ ਵਿਚ ਥੀਏਟਰ ਜਗਤ ਦੇ ਕਈ ਮੰਝੇ ਹੋਏ ਕਲਾਕਾਰ ਪ੍ਰਭਾਵੀ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਪੰਜਾਬੀ ਫਿਲਮ ਜਗਤ ਵਿਚ ਬੇਹਤਰੀਨ ਨਿਰਦੇਸ਼ਕ ਦੇ ਤੌਰ 'ਤੇ ਪੜ੍ਹਾਅ ਦਰ ਪੜ੍ਹਾਅ ਡੂੰਘੀਆਂ ਅਤੇ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਇਸ ਹੋਣਹਾਰ ਨਿਰਦੇਸ਼ਕ ਦੁਆਰਾ ਬਣਾਈ ਜਾ ਰਹੀ ਇਸ ਵੈੱਬਸੀਰੀਜ਼ ਦਾ ਜਿਆਦਾਤਰ ਸ਼ੂਟ ਮਾਲਵਾ ਖਿੱਤੇ ਵਿਚ ਪੂਰਾ ਕੀਤਾ ਜਾ ਰਿਹਾ ਹੈ। ਸਿੱਧੂ ਬ੍ਰਦਰਜ਼ ਇੰਟਰਟੇਨਮੈਂਟ ਅਤੇ ਬਲੈਕ ਹੱਕ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਏ ਜਾ ਰਹੇ ਇਸ ਪ੍ਰੋਜੈਕਟ ਦਾ ਲੇਖਣ ਅਤੇ ਨਿਰਦੇਸ਼ਕ ਬਲਜੀਤ ਨੂਰ ਖੁਦ ਕਰ ਰਹੇ ਹਨ, ਜਦਕਿ ਇਸ ਦੇ ਸਹਾਇਕ ਨਿਰਦੇਸ਼ਕ ਅਵਤਾਰ ਸਿੰਘ ਬੱਲ ਅਤੇ ਕੈਮਰਾਮੈਨ ਕੇ. ਸੁਨੀਲ ਹਨ।
ਜੇਕਰ ਇਸ ਵੈੱਬ-ਸੀਰੀਜ਼ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿਚ ਪਾਲੀ ਸੰਧੂ, ਪੂਜਾ ਬ੍ਰਹਮਭੱਟ, ਰੰਗਦੇਵ, ਨੀਟੂ ਪੰਧੇਰ, ਸਰਗੀ ਬੜਿੰਗ, ਸਾਬੀ ਸੰਧੂ, ਜੱਗੀ ਭੰਗੂ, ਲਵ ਕੰਬੋਜ਼, ਮੱਖਣ ਘੁਮਾਣ, ਰਾਜਿਕਾ ਮਾਨ, ਹਸਪਿੰਦਰ ਸਿੰਘ ਮਨੀ ਆਦਿ ਜਿਹੇ ਮੰਝੇ ਹੋਏ ਸਿਨੇਮਾ ਅਤੇ ਥੀਏਟਰ ਜਗਤ ਚਿਹਰੇ ਸ਼ਾਮਿਲ ਹਨ, ਜੋ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਵਿਖਾਈ ਦੇਣਗੇ।
- ਮੁੰਬਈ 'ਚ ਟ੍ਰੈਫਿਕ ਕਾਰਨ ਲੇਟ ਹੋਣ 'ਤੇ ਅਮਿਤਾਭ ਬੱਚਨ ਨੇ ਚੁੱਕਿਆ ਇਹ ਅਨੋਖਾ ਕਦਮ, ਅਣਜਾਣ ਵਿਅਕਤੀ ਤੋਂ ਲਈ ਲਿਫਟ
- ਪੰਜਾਬੀ ਸਿਨੇਮਾ ਦੀ ਪਹਿਲੀ ਮਹਿਲਾ ਨਿਰਦੇਸ਼ਕ ਵਜੋਂ ਤੇਜ਼ੀ ਨਾਲ ਉਭਰ ਰਹੀ ਹੈ ਸਿੰਮੀਪ੍ਰੀਤ ਕੌਰ, ਨਵੀਂ ਫਿਲਮ ਦਾ ਸ਼ੂਟ ਕੀਤਾ ਪੂਰਾ
- Maurh Teaser Out: ਰਿਲੀਜ਼ ਹੋਇਆ ਐਮੀ-ਦੇਵ ਦੀ ਫਿਲਮ 'ਮੌੜ' ਦਾ ਟੀਜ਼ਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਪੰਜਾਬੀ ਸਿਨੇਮਾ ਦੀ ਆਗਾਮੀ ਬਹੁਚਰਚਿਤ ਅਤੇ ਹੈਰਾਨ ਕਰ ਦੇਣ ਵਾਲੀਆਂ ਵੈੱਬਸੀਰੀਜ਼ ਵਿਚ ਆਪਣਾ ਨਾਂ ਦਰਜ ਕਰਵਾਉਣ ਜਾ ਰਹੇ ਇਸ ਪ੍ਰੋਜੈਕਟ ਦੇ ਕਲਾ ਨਿਰਦੇਸ਼ਕ ਦੀ ਜਿੰਮੇਵਾਰੀਆਂ ਆਕਾਸ਼ ਦੀਪ, ਕਾਸਟਿਊਮ ਡਿਜਾਈਨਰ ਦੇ ਤੌਰ 'ਤੇ ਲਵ ਕੰਬੋਜ਼, ਲਾਈਨ ਨਿਰਮਾਤਾ ਵਜੋਂ ਸਿੱਧੂ ਬ੍ਰਦਰਜ਼ ਇੰਟਰਟੇਨਮੈਂਟ ਸੰਭਾਲ ਰਹੇ ਹਨ।
ਨਿਰਮਾਣ ਟੀਮ ਅਨੁਸਾਰ ਸਮਾਜ ਦੇ ਕਰੰਟ ਅਤੇ ਨੌਜਵਾਨੀ ਮੁੱਦਿਆਂ ਦੀ ਭਾਵਨਾਤਮਕ ਤਰਜ਼ਮਾਨੀ ਕਰਦੀ ਇਸ ਵੈੱਬਸੀਰੀਜ਼ ਦੁਆਰਾ ਨੌਜਵਾਨ ਵਰਗ ਦੇ ਮਨ੍ਹਾਂ 'ਤੇ ਪ੍ਰਭਾਵ ਪਾ ਰਹੇ ਕਈ ਤਰ੍ਹਾਂ ਦੇ ਨਾਂਹ ਪੱਖੀ ਹਾਲਾਤਾਂ ਦਾ ਪ੍ਰਭਾਵਸ਼ਾਲੀ ਵਰਣਨ ਕਰਨ ਦੇ ਨਾਲ ਨਾਲ ਕਈ ਹੋਰ ਤਲਖ਼ ਹਕੀਕਤਾਂ ਨੂੰ ਵੀ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੀਰੀਜ਼ ਦੀ ਕਹਾਣੀ, ਨਿਰਦੇਸ਼ਨ, ਸਿਨੇਮਾਟੋਗ੍ਰਾਫ਼ਰੀ ਪੱਖਾਂ ਨੂੰ ਉਮਦਾ ਰੂਪ ਦੇਣ ਦੇ ਨਾਲ ਨਾਲ ਬੈਕਗਰਾਊਂਡ ਮਿਊਜ਼ਿਕ ਨੂੰ ਵੀ ਬੇਹਤਰੀਨ ਟੱਚ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਰੀ ਟੀਮ ਵੱਲੋਂ ਸਿਰੜ੍ਹ ਨਾਲ ਕੀਤੀ ਜਾ ਰਹੀ ਮਿਹਨਤ ਦੇ ਮੱਦੇਨਜ਼ਰ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਇਹ ਪ੍ਰੋਜੈਕਟ ਪੰਜਾਬੀ ਇੰਟਰਟੇਨਮੈਂਟ ਅਤੇ ਸਿਨੇਮਾ ਖੇਤਰ ਨੂੰ ਨਵੀਆਂ ਕੰਟੈਂਟ ਸੰਭਾਵਨਾਵਾਂ ਨਾਲ ਅੋਤ ਪੋਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਵੇਗੀ।