ਚੰਡੀਗੜ੍ਹ: ਪੰਜਾਬੀ ਗਾਇਕ ਹੁਣ ਨੈਸ਼ਨਲ ਏਜੰਸੀਆਂ ਦੀ ਰਡਾਰ ਉੱਤੇ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਅੱਜ ਯਾਨੀ 19 ਦਸੰਬਰ ਨੂੰ ਸਵੇਰੇ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਮੋਹਾਲੀ ਸੈਕਟਰ 104 ਸਥਿਤ ਘਰ ਪਹੁੰਚੀ। ਉਨ੍ਹਾਂ ਦਾ ਇੱਥੇ ਤਾਜ ਟਾਵਰਜ਼ ਵਿੱਚ ਇੱਕ ਫਲੈਟ ਹੈ। ਐਨਆਈਏ ਦੀ ਇਸ ਅਚਨਚੇਤ ਛਾਪੇਮਾਰੀ ਦੌਰਾਨ ਸੀਆਰਪੀਐਫ ਦੇ ਜਵਾਨ ਵੀ ਪਹੁੰਚ ਗਏ ਸਨ। NIA ਦੀ ਟੀਮ ਪੂਰੀ ਸੁਰੱਖਿਆ ਦੇ ਵਿਚਕਾਰ ਸਵੇਰੇ ਇੱਥੇ ਪਹੁੰਚੀ। ਟੀਮ ਨੇ ਕੰਵਰ ਗਰੇਵਾਲ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ।
ਦੂਜੇ ਪਾਸੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਠਿਕਾਣਿਆਂ ਉਤੇ ਇਨਕਮ ਟੈਕਸ ਨੇ ਰੇਡ ਪਾਈ ਹੈ, ਜਿਨਾਂ ਵਿਚੋਂ ਇੱਕ ਉਹਨਾਂ ਦੇ ਪੀ.ਏ ਡਿਪਟੀ ਵੋਹਰਾ ਦੇ ਘਰ ਬਟਾਲਾ ਅਤੇ ਇਕ ਚੰਡੀਗੜ੍ਹ ਦਫਤਰ ਵਿਖੇ ਅਤੇ 2 ਉਹਨਾਂ ਦੇ ਆਪਣੇ ਘਰ ਇਕ ਬਟਾਲਾ ਵਿਖੇ ਅਤੇ ਦੂਸਰੇ ਉਹਨਾਂ ਦੇ ਬਟਾਲਾ ਦੇ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਗਾਇਕਾਂ ਨੇ ਕਿਸਾਨੀ ਅੰਦੋਲਨ ਦੌਰਾਨ ਯੋਗਦਾਨ ਦਿੱਤਾ ਸੀ ਉਹਨਾਂ ਦੇ ਘਰਾਂ ਵਿੱਚ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ।
ਸੂਤਰਾਂ ਮੁਤਾਬਕ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੈਂਗਸਟਰਾਂ ਦੀ ਦਖਲਅੰਦਾਜ਼ੀ 'ਤੇ ਸਵਾਲ ਉੱਠ ਰਹੇ ਹਨ। ਉਥੇ ਹੀ ਜਾਣਕਾਰੀ ਮਿਲੀ ਹੈ ਕਿ ਗਾਇਕ ਰਣਜੀਤ ਬਾਵਾ ਘਰ ਇੰਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਇਸ ਦੇ ਨਾਲ ਹੀ NIA ਗਾਇਕ ਤੋਂ ਇਹ ਜਾਣਕਾਰੀ ਜੁਟਾਉਣ ਵਿੱਚ ਲੱਗੀ ਹੋਈ ਹੈ ਕਿ ਗਾਇਕਾਂ ਦੇ ਗੈਂਗਸਟਰਾਂ ਨਾਲ ਸਬੰਧ ਕਿਵੇਂ ਪੈਦਾ ਹੋਏ। ਉਨ੍ਹਾਂ ਦੇ ਇੱਕ ਦੂਜੇ ਨਾਲ ਕੀ ਸਬੰਧ ਹਨ? ਇਸ ਦੇ ਨਾਲ ਹੀ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਕਿਸ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਹਨ।
ਦੱਸ ਦੇਈਏ ਕਿ ਬੱਬੂ ਮਾਨ ਵਾਂਗ ਕੰਵਰ ਗਰੇਵਾਲ ਵੀ ਕਿਸਾਨਾਂ ਦੇ ਸੰਘਰਸ਼ ਦੌਰਾਨ ਕਿਸਾਨਾਂ ਦੀ ਸਟੇਜ 'ਤੇ ਨਜ਼ਰ ਆਏ ਸਨ। ਉਹ ਆਪਣੇ ਗੀਤਾਂ ਰਾਹੀਂ ਨਿਡਰ ਹੋ ਕੇ ਬੋਲਦਾ ਰਿਹਾ ਹੈ। ਕੰਵਰ ਗਰੇਵਾਲ ਨੇ ਪੰਜਾਬੀ ਸੰਗੀਤ ਜਗਤ ਨੂੰ 'ਮਸਤ', 'ਮੌਜ', 'ਛੱਲਾਂ' ਵਰਗੇ ਕਈ ਬੇਹਤਰੀਨ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਗਾਇਕ ਨੇ ਕਿਸਾਨ ਲਹਿਰ ਨੂੰ ਅੱਗੇ ਵਧਾਉਣ ਲਈ ਕਈ ਗੀਤ ਗਾਏ।
ਦੱਸ ਦੇਈਏ ਕਿ NIA ਪਹਿਲਾਂ ਵੀ ਕਈ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪਿਛਲੇ ਦਿਨੀਂ ਕੰਵਰ ਗਰੇਵਾਲ ਦਾ ਗੀਤ 'ਰਿਹਾਈ' ਯੂਟਿਊਬ ਨੇ ਹਟਾ ਦਿੱਤਾ ਸੀ। ਇਹ ਸਿੱਖ ਕੈਦੀਆਂ ਦੀ ਰਿਹਾਈ ਨਾਲ ਜੁੜਿਆ ਹੋਇਆ ਸੀ। ਇਸ ਗੀਤ ਵਿੱਚ ਸਿੱਖ ਕੈਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੈਦ 'ਤੇ ਸਵਾਲ ਉਠਾਏ ਗਏ ਹਨ।
ਤੁਹਾਨੂੰ ਦੱਸ ਦਈਏ ਕਿ 2015 ਵਿੱਚ ਐਲਬਮ 'ਮਿੱਟੀ ਦਾ ਬਾਵਾ' ਨਾਲ ਸ਼ੁਰੂਆਤ ਕਰਨ ਵਾਲਾ ਰਣਜੀਤ ਬਾਵਾ ਨੇ ਫਿਰ ਮੁੜ ਕੇ ਪਿੱਛੇ ਨਹੀਂ ਦੇਖਿਆ। ਗਾਇਕ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ।
ਇਹ ਵੀ ਪੜ੍ਹੋ: ਗਾਇਕ ਨਿੰਜਾ ਨੇ ਸਾਂਝੀਆਂ ਕੀਤੀਆਂ ਆਪਣੇ ਲਾਡਲੇ ਦੀਆਂ ਪਿਆਰੀਆਂ ਤਸਵੀਰਾਂ, ਦੇਖੋ