ਚੰਡੀਗੜ੍ਹ: ਪੰਜਾਬੀ ਸਿਨੇਮਾ ਨਾਲ ਜੁੜ੍ਹੇ ਕਲਾਕਾਰਾਂ ਦਾ ਇਕ ਵਿਸ਼ੇਸ਼ ਗਰੁੱਪ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਿਆ ਹੋਇਆ ਹੈ, ਜਿੱਥੇ ਉਨ੍ਹਾਂ ਸਾਰਿਆਂ ਦਾ ਲਹਿੰਦੇ ਪੰਜਾਬ ਦੀਆਂ ਮਸ਼ਹੂਰ ਸ਼ਖ਼ਸੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
![Punjabi artists in gurudwara shri kartarpur sahib](https://etvbharatimages.akamaized.net/etvbharat/prod-images/pb-fdk-10034-01-punjabi-artists-arrived-for-the-darshan-of-gurudwara-shari-kartar-sahib_15032023115448_1503f_1678861488_718.jpg)
ਇਸ ਸਮੇਂ ਆਰਟ ਲਵਰਜ਼ ਗਰੁੱਪ ਦਾ ਹਿੱਸਾ ਬਣੇ ਪੰਜਾਬੀ ਕਲਾਕਾਰਾਂ ਵਿਚ ਅਰਵਿੰਦਰ ਸਿੰਘ ਭੱਟੀ, ਸੰਗੀਤਕਾਰ ਕੁਲਜੀਤ, ਤੇਜਵੰਤ ਕਿੱਟੂ, ਹੈਪੀ ਲੂਥਰਾ, ਜਸਬੀਰ ਕੌਰ, ਅਮਨਦੀਪ ਕੌਰ ਆਦਿ ਸ਼ਾਮਿਲ ਸਨ। ਉਕਤ ਦੌਰੇ ਦੌਰਾਨ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੇ ਗੁਰਦੁਆਰਾ ਸਾਹਿਬ ਦੇ ਵੱਖ ਵੱਖ ਹਿੱਸਿਆਂ ਦੇ ਦਰਸ਼ਨ-ਏ-ਦੀਦਾਰ ਕਰਨ ਦੇ ਨਾਲ ਨਾਲ ਉਥੋਂ ਦੇ ਇਤਿਹਾਸ ਬਾਰੇ ਵੀ ਬਾਰੀਕੀ ਨਾਲ ਜਾਣਿਆ।
![Punjabi artists in gurudwara shri kartarpur sahib](https://etvbharatimages.akamaized.net/etvbharat/prod-images/pb-fdk-10034-01-punjabi-artists-arrived-for-the-darshan-of-gurudwara-shari-kartar-sahib_15032023115448_1503f_1678861488_492.jpg)
ਇਸ ਸਮੇਂ ਵਾਹਗਾ ਬਾਰਡਰ ਪੁੱਜਦਿਆਂ ਹੀ ਪਾਕਿ ਕਲਾਕਾਰਾ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਚੜ੍ਹਦੇ ਪੰਜਾਬ ਦੇ ਸਾਰੇ ਟੀਮ ਮੈਬਰਾਂ ਨੂੰ ਜੀ ਆਇਆ ਨੂੰ ਕਿਹਾ ਗਿਆ ਅਤੇ ਉਪਰੰਤ ਕਾਫ਼ਲੇ ਦੇ ਰੂਪ ਵਿਚ ਗੁਰਦੁਆਰਾ ਸਾਹਿਬ ਲਿਜਾਇਆ ਗਿਆ।
ਉਕਤ ਮੌਕੇ ਦੋਹਾਂ ਮੁਲਕਾਂ ਦੇ ਕਲਾਕਾਰਾਂ ਵੱਲੋਂ ਕਲਾ ਖੇਤਰ ਵਿਚ ਕੀਤੀਆਂ ਜਾਣ ਵਾਲੀਆਂ ਆਗਾਮੀ ਅਤੇ ਸਾਂਝੀਆਂ ਕੋਸ਼ਿਸ਼ਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮੇਂ ਗਰੁੱਪ ਦੀ ਅਗਵਾਈ ਕਰ ਰਹੇ ਅਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਇਸ ਤਰ੍ਹਾਂ ਦੇ ਵਿਸ਼ੇਸ਼ ਦੌਰਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਦੋਹਾਂ ਮੁਲਕਾਂ ਦੇ ਕਲਾਕਾਰਾਂ ਨੂੰ ਆਪਸੀ ਸਾਂਝ ਵਧਾਉਣ ਦੇ ਜਿਆਦਾ ਤੋਂ ਜਿਆਦਾ ਅਵਸਰ ਮਿਲ ਸਕਣ।
![Punjabi artists in gurudwara shri kartarpur sahib](https://etvbharatimages.akamaized.net/etvbharat/prod-images/pb-fdk-10034-01-punjabi-artists-arrived-for-the-darshan-of-gurudwara-shari-kartar-sahib_15032023115448_1503f_1678861488_796.jpg)
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਸਦਕਾ ਹੀ ਅੱਜ ਪੰਜਾਬੀ ਸਿਨੇਮਾ ਖੇਤਰ ਵਿਚ ਪਾਕਿਸਤਾਨੀ ਕਲਾਕਾਰ ਵੀ ਵੱਧ ਚੜ੍ਹ ਕੇ ਆਪਣੀ ਕਲਾ ਦਾ ਮੁਜ਼ਾਹਰਾ ਕਰ ਰਹੇ ਹਨ ਅਤੇ ਇਸ ਨਾਲ ਸਿਨੇਮਾ ਚਾਹੇ ਉਹ ਚੜ੍ਹਦੇ ਪੰਜਾਬ ਦਾ ਹੋਵੇ ਜਾਂ ਫਿਰ ਲਹਿੰਦੇ ਪੰਜਾਬ ਦਾ, ਆਪਣੀ ਹੱਦਾਂ ਸਰਹੱਦਾਂ ਪਾਰ ਕਰ ਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਵਿਚ ਵੀ ਸਫ਼ਲ ਹੋ ਰਹੇ ਹਨ।
![Punjabi artists in gurudwara shri kartarpur sahib](https://etvbharatimages.akamaized.net/etvbharat/prod-images/pb-fdk-10034-01-punjabi-artists-arrived-for-the-darshan-of-gurudwara-shari-kartar-sahib_15032023115448_1503f_1678861488_201.jpg)
ਪੰਜਾਬ ਤੋਂ ਪੁੱਜੇ ਕਲਾਕਾਰਾਂ ਦੇ ਡੇਲੀਗੇਟ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਨ ਕਮੇਟੀ ਵੱਲੋਂ ਵੀ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ, ਜਿਸ ਉਪਰੰਤ ਟੀਮ ਨੂੰ ਗੁਰਦੁਆਰਾ ਸਾਹਿਬ ਦੇ ਆਸਪਾਸ ਬਣੇ ਖੂਬਸੂਰਤ ਬਾਗ਼ ਬਗੀਚਿਆਂ ਨਾਲ ਸਜੇ ਹਿੱਸਿਆ ਦਾ ਵੀ ਦੌਰਾ ਕਰਵਾਇਆ ਗਿਆ ਅਤੇ ਅੰਤ ਵਿਚ ਦੋਹਾਂ ਵਤਨਾਂ ਦੇ ਕਲਾਕਾਰਾਂ ਵੱਲੋਂ ਇਕ ਦੂਸਰੇ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਆਦਿ ਦੇ ਕੇ ਇਸ ਟੂਰ ਦੀ ਯਾਦ ਨੂੰ ਹੋਰ ਵੀ ਨਿੱਘਾ ਬਣਾਇਆ ਗਿਆ।
ਤੁਹਾਨੂੰ ਦੱਸ ਦਈਏ ਕਿ ਕਲਾਕਾਰ ਅਰਵਿੰਦਰ ਭੱਟੀ ਨੇ ਆਪਣੇ ਸ਼ੋਸ਼ਲ ਮੀਡੀਆ ਉਤੇ ਤਸਵੀਰਾਂ ਸਾਂਝੀਆਂ ਕਰਕੇ ਗੁਰੂਘਰ ਜਾਣ ਦੀ ਖੁਸ਼ੀ ਸਾਂਝੀ ਕੀਤੀ। ਉਹਨਾਂ ਨੇ ਲਿਖਿਆ 'ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਬਖਸ਼ਿਸ਼ ਕੀਤੀ। ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਕਲਾ ਪ੍ਰੇਮੀ ਗਰੁੱਪ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ। ਮਹਾਨ ਗੁਰੂ ਨਾਨਕ...।'
ਇਹ ਵੀ ਪੜ੍ਹੋ:Mohammad Nazim Khilji: 'ਸਾਥ ਨਿਭਾਨਾ ਸਾਥੀਆ' ਦੇ ਅਹਿਮ ਮੋਦੀ 7 ਸਾਲ ਬਾਅਦ ਪੰਜਾਬੀ ਫਿਲਮ 'ਚ ਆਉਣਗੇ ਨਜ਼ਰ