ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਉਭਰਦੀਆਂ ਅਦਾਕਾਰਾਂ ਵਿਚ ਸ਼ੁਮਾਰ ਕਰਵਾ ਰਹੀ ਅਦਾਕਾਰਾ ਪ੍ਰੀਤ ਕਮਲ ਕੁਝ ਵਕਫ਼ੇ ਬਾਅਦ ‘ਫਿਰ ਮਾਮਲਾ ਗੜਬੜ ਹੈ’ ਦੁਆਰਾ ਇਕ ਵਾਰ ਫਿਰ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਸਾਗਰ ਐਸ ਸ਼ਰਮਾ ਵੱਲੋਂ ਕੀਤਾ ਗਿਆ ਹੈ।
‘ਔਹਰੀ ਪ੍ਰੋਡੋਕਸ਼ਨਜ਼’, ‘ਬਰੀਮਿੰਗ ਵਿਜ਼ਨ ਫ਼ਿਲਮਜ਼’ ਅਤੇ ’ਰੋਇਲ ਪੰਜਾਬ’ ਦੇ ਸੁਯੰਕਤ ਨਿਰਮਾਣ ਵਿੱਚ ਬਣੀ ਇਸ ਫਿਲਮ ਵਿਚ ਲੀਡ ਐਕਟਰ ਵਜੋਂ ਗਾਇਕ-ਅਦਾਕਾਰ ਨਿੰਜਾ ਨਜ਼ਰ ਆਉਣਗੇ, ਜਿੰਨ੍ਹਾਂ ਦੇ ਨਾਲ ਮੁੱਖ ਕਿਰਦਾਰ ’ਚ ਵਿਖਾਈ ਦੇਵੇਗੀ ਅਦਾਕਾਰਾ ਪ੍ਰੀਤ ਕਮਲ। ਇਹ ਫਿਲਮ 6 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਨਿਰਮਾਤਾ ਵਿਵੇਕ ਔਹਰੀ, ਵਿਜੇ ਕੁਮਾਰ, ਜਸਪ੍ਰੀਤ ਕੌਰ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਵਿਚ ਬੀ.ਐਨ ਸ਼ਰਮਾ, ਜਸਵਿੰਦਰ ਭੱਲਾ, ਬਨਿੰਦਰ ਬੰਨੀ, ਭੂਮਿਕਾ ਸ਼ਰਮਾ ਆਦਿ ਜਿਹੇ ਨਾਮੀ ਗਿਰਾਮੀ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਹਨ। ਫਿਲਮ ਦੀ ਕਹਾਣੀ ਲੇਖਨ ਕੁਮਾਰ ਅਜੈ ਵੱਲੋਂ ਕੀਤਾ ਗਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ਰੀ ਮਹੇਸ਼ ਰਾਜਨ ਦੀ ਹੈ।
ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਜ਼ ਤੋਂ ਇਲਾਵਾ ਚੰਡੀਗੜ੍ਹ ਵਿਖੇ ਫਿਲਮਾਈ ਗਈ ਇਸ ਕਾਮੇਡੀ-ਡਰਾਮਾ ਫਿਲਮ ਵਿਚ ਅਦਾਕਾਰਾ ਪ੍ਰੀਤ ਕਿਰਨ ਇਕ ਠੇਠ ਪੰਜਾਬਣ ਮੁਟਿਆਰ ਦਾ ਰੋਲ ਪਲੇ ਕਰ ਰਹੀ ਹੈ, ਜਿੰਨ੍ਹਾਂ ਦੱਸਿਆ ਕਿ ਇਸ ਫਿਲਮ ’ਚ ਨਿੰਜਾ ਅਤੇ ਹੋਰ ਅਹਿਮ ਐਕਟਰਜ਼ ਨਾਲ ਕੰਮ ਕਰਨਾ ਉਨਾਂ ਲਈ ਕਾਫ਼ੀ ਯਾਦਗਾਰੀ ਸਿਨੇਮਾ ਅਨੁਭਵ ਵਾਂਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਉਨਾਂ ਦਾ ਕਿਰਦਾਰ ਕਾਫ਼ੀ ਚੈਲੇਜਿੰਗ ਹੈ, ਜੋ ਉਨਾਂ ਵੱਲੋਂ ਹੁਣ ਤੱਕ ਨਿਭਾਈਆਂ ਭੂਮਿਕਾਵਾਂ ਤੋਂ ਬਿਲਕੁਲ ਵੱਖਰਾ ਹੈ।
ਹਾਲ ਹੀ ਵਿਚ ਆਪਣੇ ਪਿਤਾ ਦੇ ਅਚਾਨਕ ਹੋਏ ਅਚਾਨਕ ਦੇਹਾਂਤ ਉਪਰੰਤ ਦੁਖੀ ਪਰ-ਸਥਿਤੀਆਂ ਦਾ ਸਾਹਮਣਾ ਕਰ ਰਹੀ ਅਦਾਕਾਰਾ ਪ੍ਰੀਤ ਕਿਰਨ ਅਨੁਸਾਰ ਉਸ ਦੀ ਹੁਣ ਤੱਕ ਦੀ ਸਫ਼ਲਤਾ ਵਿਚ ਉਨ੍ਹਾਂ ਦੇ ਪਿਤਾ ਸਵਰਗੀ ਮੋਹਰਨਬੀਰ ਸਿਘ ਦਾ ਅਹਿਮ ਯੋਗਦਾਨ ਰਿਹਾ ਹੈ, ਜਿੰਨ੍ਹਾਂ ਫਿਲਮ ਖੇਤਰ ਵਿਚ ਉਸ ਦੇ ਸੁਫ਼ਨਿਆਂ ਨੂੰ ਉਤਸ਼ਾਹ ਅਤੇ ਮਾਰਗ-ਦਰਸ਼ਨ ਦੇਣ ਵਿਚ ਹਮੇਸ਼ਾ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਦੱਸਿਆ ਕਿ ਪਿਤਾ ਜੀ ਵੱਲੋਂ ਅੱਗੇ ਵਧਣ ਦੇ ਲਗਾਤਾਰ ਦਿੱਤੇ ਗਏ ਹੌਂਸਲੇ ਅਤੇ ਬਲ ਦੀ ਬਦੌਂਲਤ ਉਸ ਨੇ ਹਰ ਉਤਰਾਅ ਚੜ੍ਹਾਅ ਦਾ ਪੂਰੇ ਆਤਮ-ਵਿਸ਼ਵਾਸ਼ ਨਾਲ ਸਾਹਮਣਾ ਕੀਤਾ। ਉਨਾਂ ਦੱਸਿਆ ਕਿ ਪਿਤਾ ਜੀ ਰਿਲੀਜ਼ ਹੋਣ ਜਾ ਰਹੀ ਉਸ ਦੀ ਇਸ ਨਵੀਂ ਫਿਲਮ ਵਿਚਲੇ ਪ੍ਰਭਾਵੀ ਰੋਲ ਦੀ ਸਲਾਹੁਤਾ ਅਤੇ ਕਾਮਯਾਬੀ ਨੂੰ ਲੈ ਕੇ ਕਾਫ਼ੀ ਆਸਵੰਦ ਸਨ। ਪਰ ਦੁਖਦ ਉਹ ਇਹ ਪਲ ਵੇਖਣ ਅਤੇ ਇੰਨ੍ਹਾਂ ਦਾ ਆਨੰਦ ਮਾਣਨ ਲਈ ਸਾਡੇ ਪਰਿਵਾਰ ਦੇ ਵਿਚ ਨਹੀਂ ਹਨ।
ਸਾਲ 2014 ਵਿਚ ਆਈ ਹਿੰਦੀ ਫਿਲਮ ‘ਬਬਲੂ ਹੈਪੀ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪ੍ਰੀਤ ਕਮਲ ਨੇ ਸਾਲ 2017 ਵਿਚ ਰਿਲੀਜ਼ ਹੋਈ ਐਮੀ ਵਿਰਕ ਸਟਾਰਰ ‘ਸਾਹਿਬ ਬਹਾਦੁਰ’ ਨਾਲ ਪੰਜਾਬੀ ਸਿਨੇਮਾ ’ਚ ਸ਼ਾਨਦਾਰ ਆਗਮਨ ਕੀਤਾ। ਇਸ ਉਪਰੰਤ ਉਸ ਦੀਆਂ ਰਿਲੀਜ਼ ਹੋਈਆਂ ਫਿਲਮਾਂ ਵਿਚ ਅਮਰਦੀਪ ਸਿੰਘ ਗਿੱਲ ਦੀ ਨਿਰਦੇਸ਼ਨਾਂ ਵਿਚ ਬਣੀ ਅਤੇ ਸਿੱਪੀ ਗਿੱਲ ਸਟਾਰਰ ‘ਮਰਜਾਣੇ’ ਵੀ ਸ਼ਾਮਿਲ ਰਹੀ ਹੈ।