ਚੰਡੀਗੜ੍ਹ: ਪੰਜਾਬੀ ਸਿਨੇਮਾ ਵਿਚ ਵਿਲੱਖਣ ਪਹਿਚਾਣ ਰੱਖਦੇ ਚਰਿੱਤਰ ਅਦਾਕਾਰ ਪ੍ਰਮੋਦ ਪੱਬੀ ਨੂੰ ਇੰਨ੍ਹੀਂ ਦਿਨੀਂ ਕਲਰਜ਼ ਸੀਰੀਅਲ ‘ਜਨੂੰਨੀਅਤ’ ਵਿਚ ਇਕ ਅਹਿਮ ਅਤੇ ਪ੍ਰਭਾਵੀ ਭੂਮਿਕਾ ਲਈ ਚੁਣਿਆ ਗਿਆ ਹੈ, ਜੋ ਜਲਦ ਹੀ ਆਪਣੇ ਸ਼ੂਟ ਹੋਣ ਜਾ ਰਹੇ ਹਿੱਸੇ ਦੀ ਸ਼ੂਟਿੰਗ ਵਿਚ ਭਾਗ ਲੈਣਾ ਸ਼ੁਰੂ ਕਰਨਗੇ। ‘ਡ੍ਰੀਮੀਆਤਾ ਪ੍ਰੋਡਕਸ਼ਨ ਹਾਊਸ’ ਦੇ ਬੈਨਰ ਹੇਠ ਬਣਾਏ ਜਾ ਰਹੇ ਇਸ ਸੀਰੀਅਲ ਦੇ ਨਿਰਮਾਤਾ ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਹਨ, ਜਿੰਨ੍ਹਾਂ ਵੱਲੋਂ ਬਣਾਏ ਜਾ ਰਹੇ ਉਨ੍ਹਾਂ ਦੇ ਨਵੇਂ ਸੀਰੀਅਲ ਦੀ ਸ਼ੂਟਿੰਗ ਅੱਜਕਲ੍ਹ ਮੋਹਾਲੀ-ਖਰੜ੍ਹ ਨੇੜ੍ਹਲੇ ਇਲਾਕਿਆਂ ਵਿਚ ਕੀਤੀ ਜਾ ਰਹੀ ਹੈ।
ਹਾਲ ਹੀ ਵਿਚ ਆਈ ‘ਬਲੈਕੀਆ’ ਵਿਚ ਪ੍ਰਭਾਵਸ਼ਾਲੀ ਨੇਗੈਟਿਵ ਭੂਮਿਕਾ ਨਿਭਾ ਕੇ ਕਾਫ਼ੀ ਪ੍ਰਸਿੱਧੀ ਹਾਸਿਲ ਕਰ ਚੁੱਕੇ ਅਦਾਕਾਰ ਪੱਬੀ ‘ਮਜਾਜਣ’, ‘ਆਪਾਂ ਫ਼ੇਰ ਮਿਲਾਂਗੇ’, ‘ਸਟੂਪਿਡ 7’ ਵਰਗੀਆਂ ਚਰਚਿਤ ਪੰਜਾਬੀ ਫ਼ਿਲਮਾਂ ਅਤੇ ਟੀ.ਵੀ ਸੀਰੀਜ਼ ‘ਸਰਨਾਵਾਂ’ ਆਦਿ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮਿਊਜਿਕਲ ਸਟੋਰੀ ਆਧਾਰਿਤ ਸੀਰੀਅਲ ‘ਜਨੂੰਨੀਅਤ’ ਵਿਚ ਉਨ੍ਹਾਂ ਦਾ ਕਿਰਦਾਰ ਸੰਗੀਤ ਗੁਰੂ ਦਾ ਹੈ, ਜੋ ਫ਼ਿਲਮ ਦੀ ਕਹਾਣੀ ਨੂੰ ਅੱਗੇ ਤੌਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਲੋਕਪ੍ਰਿਯਤਾ ਦੇ ਨਵੇਂ ਆਯਾਮ ਤੈਅ ਕਰ ਰਹੇ ਇਸ ਸੀਰੀਅਲ ਵਿਚਲਾ ਕਿਰਦਾਰ ਕਾਫ਼ੀ ਚੁਣੌਤੀਪੂਰਨ ਵੀ ਹੈ, ਜਿਸ ਦੌਰਾਨ ਉਨ੍ਹਾਂ ਦੇ ਅਭਿਨੈ ਦੇ ਵੱਖਰੇ ਸ਼ੇਡਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਇਸ ਸੀਰੀਅਲ ਵਿਚਲੀ ਸੰਗੀਤ ਗੁਰੂ ਦੀ ਭੂਮਿਕਾ ਨੂੰ ਬਾਖੂਬੀ ਨਿਭਾਉਣ ਲਈ ਉਨ੍ਹਾਂ ਵੱਲੋਂ ਸੰਗੀਤ ਦਾ ਡੂੰਘਾ ਅਤੇ ਬਾਰੀਕੀ ਨਾਲ ਅਧਿਐਨ ਕੀਤਾ ਗਿਆ ਹੈ ਤਾਂ ਜੋ ਆਪਣੇ ਕਿਰਦਾਰ ਨੂੰ ਸੱਚ ਦਾ ਜਾਮਾ ਪਹਿਨਾਉਣਾ। ਉਨ੍ਹਾਂ ਲਈ ਆਸਾਨ ਰਹੇ ਅਤੇ ਉਹ ਆਪਣੇ ਕਿਰਦਾਰ ਨਾਲ ਪੂਰੀ ਤਰ੍ਹਾਂ ਨਿਆਂ ਕਰ ਸਕਣ। ਪੰਜਾਬ ਦੇ ਮਾਲਵਾ ਅਧੀਨ ਆਉਂਦੇ ਕਸਬਾ ਧਰਮਕੋਟ ਨਾਲ ਸੰਬੰਧ ਰੱਖਦੇ ਇਸ ਬੇਹਤਰੀਨ ਅਦਾਕਾਰ ਵੱਲੋਂ ਆਪਣੀ ਪੜ੍ਹਾਈ ਸਰਕਾਰੀ ਕਾਲਜ ਰੋਡੇ ਅਤੇ ਡੀ.ਐਮ ਕਾਲਜ਼ ਮੋਗਾ ਤੋਂ ਪੂਰੀ ਕੀਤੀ ਗਈ ਹੈ, ਜੋ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਪੰਜਾਬੀ ਸਿਨੇਮਾਂ ਅਤੇ ਛੋਟੇ ਪਰਦੇ ਦੀ ਦੁਨੀਆਂ ਵਿਚ ਆਪਣੇ ਬੇਮਿਸਾਲ ਅਭਿਨੈ ਦਾ ਲਗਾਤਾਰ ਲੋਹਾ ਮੰਨਵਾਉਂਦੇ ਆ ਰਹੇ ਹਨ।
ਸੀਰੀਅਲ ਜਾਨੂੰਨੀਅਤ ਬਾਰੇ: ਤੁਹਾਨੂੰ ਦੱਸ ਦਈਏ ਕਿ ਡ੍ਰੀਮੀਆਤਾ ਪ੍ਰੋਡਕਸ਼ਨ ਦੇ ਅਧੀਨ ਤਿਆਰ ਹੋ ਰਹੇ ਜਾਨੂੰਨੀਅਤ ਟੈਲੀਵਿਜ਼ਨ ਲੜੀ ਦੇ ਨਿਰਮਾਣ ਦੇ ਪਿੱਛੇ ਪ੍ਰਸਿੱਧ ਅਤੇ ਬਹੁਤ ਸਫਲ ਨਿਰਮਾਤਾ ਰਵੀ ਦੂਬੇ ਅਤੇ ਸਰਗੁਣ ਮਹਿਤਾ ਹਨ। ਪ੍ਰੋਗਰਾਮ ਦਾ ਪ੍ਰੀਮੀਅਰ ਫਰਵਰੀ 2023 ਵਿੱਚ ਹੋਇਆ ਸੀ। ਜਾਨੂੰਨੀਅਤ ਤਿੰਨ ਗਾਇਕਾਂ ਦੇ ਸੰਗੀਤਕ ਸਫ਼ਰ ਬਾਰੇ ਹੈ। ਇਸ ਸ਼ੋਅ 'ਚ ਅੰਕਿਤ ਗੁਪਤਾ ਜਹਾਂ, ਗੌਤਮ ਸਿੰਘ ਜਾਰਡਨ ਅਤੇ ਨੇਹਾ ਰਾਣਾ ਇਲਾਹੀ ਦਾ ਕਿਰਦਾਰ ਨਿਭਾਉਣਗੇ।
ਇਹ ਵੀ ਪੜ੍ਹੋ: Sunanda Sharma: ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਹੋਇਆ ਦੇਹਾਂਤ, ਗਾਇਕਾ ਨੇ ਸਾਂਝੀ ਕੀਤੀ ਪੋਸਟ