ਚੰਡੀਗੜ੍ਹ: ਪੰਜਾਬੀ ਸੰਗੀਤ, ਮੰਨੋਰੰਜਨ ਅਤੇ ਕਲਾ ਦੀ ਦੁਨੀਆਂ ਵਿਚ ਬਤੌਰ ਹੋਸਟ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਪਰਮ ਗਾਇਕ ਵਜੋਂ ਵੀ ਪੜ੍ਹਾਅ ਦਰ ਪੜ੍ਹਾਅ ਮਾਣਮੱਤੀਆਂ ਪ੍ਰਾਪਤੀਆਂ ਆਪਣੀਆਂ ਝੋਲੀ ਪਾਉਂਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣੇ ਨਵੇਂ ਟਰੈਕ ‘ਤੇਰੇ ਪਿੱਛੇ ਕਰੇਜ਼ੀ’ ਸਬੰਧਤ ਮਿਉੂਜ਼ਿਕ ਵੀਡੀਓ ਨੂੰ ਜਾਰੀ ਕੀਤਾ ਗਿਆ।
‘ਅੋਡੀਗੋ ਮਿਊਜ਼ਿਕ’ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤੇ ਜਾ ਰਹੇ ਇਸ ਟਰੈਕ ਸਬੰਧਤ ਮਿਊਜ਼ਿਕ ਵੀਡੀਓ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਪਰਮ ਨੇ ਦੱਸਿਆ ਕਿ ਨੌਜਵਾਨ ਵਰਗ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਦਾ ਮਨਮੋਹਕ ਵੀਡੀਓ ਨਿਰਦੇਸ਼ਨ ਸਟੀਵ ਕੈਸੀ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ’ਚ ਫੀਚਰਿੰਗ ਖੁਦ ਉਨ੍ਹਾਂ ਅਤੇ ਮਾਡਲ ਰੂਪ ਕੌਰ ਕੂਨਰ ਨੇ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਟਰੈਕ ਦਾ ਮਿਊਜ਼ਿਕ ਜਾਕਿਰ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਉਨ੍ਹਾਂ ਰਚਨਾ ਵੀ ਉਨ੍ਹਾਂ ਦੀ ਹੀ ਹੈ। ਪੰਜਾਬੀ ਗਾਇਕੀ ਦੇ ਬਾਬਾ ਬੋਹੜ੍ਹ ਮੰਨੇ ਜਾਂਦੇ ਅਜ਼ੀਮ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਉਚਕੋਟੀ ਗਾਇਕ ਅਦਾਕਾਰ ਦਿਲਜੀਤ ਦੁਸਾਂਝ ਦੇ ਐਂਕਰ ਵਜੋਂ ਦੇਸ਼ਾਂ, ਵਿਦੇਸ਼ਾਂ ਵਿਚ ਕਈ ਸੋਅਜ਼ ਸੰਚਾਲਿਤ ਕਰ ਚੁੱਕੇ ਪਰਮ ਦੱਸਦੇ ਹਨ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਗੁਰਦਾਸ ਮਾਨ ਜਿਹੇ ਮਾਣਮੱਤੇ ਪੰਜਾਬੀ ਗਾਇਕ ਨਾਲ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦਾ ਅਟੁੱਟ ਸਾਥ ਬਣਿਆ ਆ ਰਿਹਾ ਹੈ ਅਤੇ ਉਨ੍ਹਾਂ ਦੀ ਬਦੌਲਤ ਦੁਨੀਆਭਰ ਦੇ ਸਰੋਤਿਆਂ, ਦਰਸ਼ਕਾਂ ਸਨਮੁੱਖ ਹੋਣ ਦਾ ਅਵਸਰ ਵੀ ਉਨ੍ਹਾਂ ਨੂੰ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਗਾਇਕੀ ਖੇਤਰ ਵਿਚ ਕੁਝ ਕਰ ਗੁਜ਼ਰਣ ਦੇ ਜੋ ਉਨ੍ਹਾਂ ਦੇ ਸੁਫ਼ਨੇ ਰਹੇ ਹਨ, ਉਨ੍ਹਾਂ ਨੂੰ ਤਾਬੀਰ ਦੇਣ ਵਿਚ ਵੀ ਉਨ੍ਹਾਂ ਨਾਲ ਗੁਰੂ ਵਾਂਗ ਜੁੜੀਆਂ ਸੰਗੀਤਕ ਸਖ਼ਸੀਅਤਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਸੇ ਹੌਸਲਾ ਅਫ਼ਜਾਈ ਅਤੇ ਮਿਲ ਰਹੇ ਉਤਸ਼ਾਹ ਸਦਕਾ ਹੀ ਉਹ ਗਾਇਕੀ ਖੇਤਰ ਵਿਚ ਲਗਾਤਾਰ ਆਪਣੀਆਂ ਜੜ੍ਹਾ ਮਜ਼ਬੂਤ ਕਰਦੇ ਜਾ ਰਹੇ ਹਨ।
ਜੇਕਰ ਗਾਇਕ ਪਰਮ ਦੇ ਹਾਲੀਆ ਗਾਇਕੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਰਿਲੀਜ਼ ਹੋ ਚੁੱਕੇ ਉਨ੍ਹਾਂ ਦੇ ਸੰਗੀਤ ਟਰੈਕ ਵਿਚ 'ਗੁੜ੍ਹ ਦੀ ਡਲੀ', 'ਮਾਈ ਲਵ', 'ਲਾਵਾਂ' ਆਦਿ ਵੀ ਸ਼ਾਮਿਲ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਤੌਰ ਹੌਸਟ ਜੋ ਸੋਅਜ਼ ਕੀਤੇ ਜਾ ਚੁੱਕੇ ਹਨ, ਉਨ੍ਹਾਂ ਵਿਚ 'ਸਾਡਾ ਸਕੂਲ ਜੀਟੀਵੀ', 'ਜੀ ਸਾ ਰੇ ਗਾ ਮਾ', 'ਟਸ਼ਨ ਨਾਈਟਸ 9 ਐਕਸ ਟਸ਼ਨ', 'ਮਸਤੀ ਕੈਪਸ਼ ਦੀ ਗੈਟ ਪੰਜਾਬੀ', 'ਵਾਰਿਸ ਪੰਜਾਬ ਦੇ ਜੀ ਟੀ ਵੀ', 'ਜੋਸ਼ ਕੈਪਸ਼ ਦਾ ਜੋਸ਼ ਟੀ.ਵੀ', 'ਗੇੜ੍ਹੀ ਆਨ ਹਾਈਵੇ ਐਮਐਚਵਨ', 'ਲਾਫ਼ਟਰ ਦਾ ਮਾਸਟਰ ਪੀਟੀਸੀ ਪੰਜਾਬੀ', 'ਛੇੜ ਨਾ ਇੰਨ੍ਹਾਂ ਦਰਦਾਂ ਨੂੰ ਐਮਐਚਵਨ','ਦਿਲ ਖੋਲ ਕੇ ਬੋਲ ਜੀ ਅਲਫ਼ਾ', 'ਹੋਰ ਜੀ ਕੀ ਹਾਲ ਹੈ ਜੀ ਅਲਫ਼ਾ' ਆਦਿ ਸ਼ਾਮਿਲ ਰਹੇ ਹਨ, ਜੋ ਕਾਫ਼ੀ ਮਕਬੂਲੀਅਤ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ।
ਇਹ ਵੀ ਪੜ੍ਹੋ:Paune 9 Release Date: ਧੀਰਜ ਕੁਮਾਰ ਦੀ ਫਿਲਮ 'ਪੌਣੇ 9' ਦਾ ਦਮਦਾਰ ਪੋਸਟਰ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼