ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਕਈ ਚਰਚਿਤ ਫਿਲਮਾਂ ਦਾ ਹਿੱਸਾ ਰਹੀ ਅਦਾਕਾਰਾ ਕੀਆ ਖੰਨਾ ਹੁਣ ਬਾਲੀਵੁੱਡ ’ਚ ਵੀ ਨਵੀਂ ਪਾਰੀ ਖੇਡਣ ਲਈ ਤਿਆਰ ਹੈ, ਉਸ ਦੀ ਪਹਿਲੀ ਰਿਲੀਜ਼ ਹੋਈ ਹਿੰਦੀ ਫਿਲਮ ‘ਗੁੰਮਰਾਹ’ ਦੇ ਰੋਲ ਨੂੰ ਹਰ ਪਾਸੇ ਤੋਂ ਸਰਾਹਣਾ ਮਿਲ ਰਹੀ ਹੈ।
ਟੀ-ਸੀਰੀਜ਼ ਅਤੇ ਸਿਨੇਮਾ ਵਨ ਸਟੂਡੀਓਜ਼ ਦੇ ਬੈਨਰ ਹੇਠ ਬਣੀ ਅਤੇ ਵਰਧਨ ਕੇਤਕਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਸੰਬੰਧੀ ਅਦਾਕਾਰਾ ਕੀਆ ਖੰਨਾ ਨੇ ਦੱਸਿਆ ਕਿ ਮਾਰਡਰ ਮਿਸਟਰੀ ਆਧਾਰਿਤ ਇਸ ਕ੍ਰਾਈਮ ਥ੍ਰਿਲਰ ਡਰਾਮਾ ਫਿਲਮ ਵਿਚ ਉਨ੍ਹਾਂ ਨੂੰ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਦਾ ਅਵਸਰ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਹਿੰਦੀ ਸਿਨੇਮਾ ਦੇ ਉਭਰਦੇ ਹੋਏ ਸਟਾਰ ਆਦਿਤਿਆ ਰਾਏ ਕਪੂਰ ਦੇ ਨਾਲ ਰੋਨਿਤ ਰਾਏ ਜਿਹੀਆਂ ਦਿੱਗਜ ਸਿਨੇਮਾ ਹਸਤੀਆਂ ਨਾਲ ਚੁਣੌਤੀਪੂਰਨ ਕਿਰਦਾਰ ਅਦਾ ਕਰਨਾ ਕਿਸੇ ਸੁਪਨੇ ਦੇ ਸੱਚ ਹੋ ਜਾਣ ਵਾਂਗ ਹੈ।
ਉਨ੍ਹਾਂ ਕਿਹਾ ਕਿ ਸਿਲਵਰ ਸਕਰੀਨ 'ਤੇ ਆਪਣੇ ਡੈਬਿਊ ਲਈ ਉਹ ਇਸੇ ਤਰ੍ਹਾਂ ਦੀ ਫਿਲਮ ਅਤੇ ਕਿਰਦਾਰ ਦੀ ਤਲਾਸ਼ ਵਿਚ ਸੀ, ਜੋ ਕਿ ਉਸ ਦੇ ਕਰੀਅਰ ਲਈ ਇਕ ਟਰਨਿੰਗ ਪੁਆਇੰਟ ਵੀ ਸਾਬਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਉਨਾਂ ਦੀ ਭੂਮਿਕਾ ਇਕ ਅਜਿਹੀ ਮਹਿਲਾ ਦੀ ਹੈ, ਜੋ ਇਸ ਫਿਲਮ ਦੀ ਕਹਾਣੀ ਨੂੰ ਨਵੇਂ ਅਤੇ ਦਿਲਚਸਪ ਮੋੜ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਪੰਜਾਬੀ ਥੀਏਟਰ ਤੋਂ ਆਪਣੇ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਕੀਆ ਖੰਨਾ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧਤ ਹੈ, ਕੀਆ ਨੇ ਦੱਸਿਆ ਕਿ ਰੰਗਮੰਚ ਸਫ਼ਰ ਦੌਰਾਨ ਉਸ ਨੂੰ ਕਈ ਮੰਝੇ ਹੋਏ ਨਿਰਦੇਸ਼ਕਾਂ ਨਾਲ ਅਭਿਨੈ ਕਰਨ ਦਾ ਮੌਕਾ ਮਿਲਿਆ, ਜਿਸ ਦੌਰਾਨ ਉਨ੍ਹਾਂ ਵੱਲੋਂ ਕੀਤੇ ਨਾਟਕ ‘ਜਿਸ ਨੇ ਲਾਹੌਰ ਨਹੀਂ ਵੇਖਿਆ’, ‘ਬੀਵੀਆਂ ਦਾ ਮਦਰੱਸਾ’ ਆਦਿ ਕਾਫ਼ੀ ਮਕਬੂਲ ਰਹੇ ਹਨ।
ਪਾਲੀਵੁੱਡ ’ਚ ਆਪਣੇ ਸਫ਼ਰ ਵੱਲ ਝਾਤ ਪਵਾਉਂਦਿਆਂ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜੋ ਪੰਜਾਬੀ ਫਿਲਮਾਂ ਉਸ ਨੇ ਕੀਤੀਆਂ ਹਨ, ਉਨ੍ਹਾਂ ਵਿਚ ਨਵਰਾਜ ਹੰਸ, ਸ਼ਕਤੀ ਕਪੂਰ, ਜਸਵਿੰਦਰ ਭੱਲਾ, ਬੀ.ਐਨ. ਸ਼ਰਮਾ ਸਟਾਰਰ ‘ਮੈਰਿਜ ਦਾ ਗੈਰਿਜ’ ਤੋਂ ਇਲਾਵਾ ਯਾਰ 'ਅਣਮੁੱਲੇ 2’, ‘ਡਾਕੂਆਂ ਦਾ ਮੁੰਡਾ’ ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਲਈ ਵੀ ਚੰਗੇ ਕੰਟੈਂਟ ਅਧਾਰਿਤ ਫਿਲਮਾਂ ਕਰਨ ਨੂੰ ਪਹਿਲ ਦੇ ਰਹੀ ਅਦਾਕਾਰਾ ਕੀਆ ਅਨੁਸਾਰ ਉਸ ਦੀ ਸੋਚ ਅਜਿਹੀਆਂ ਫਿਲਮਾਂ ਕਰਨ ਦੀ ਹੈ, ਜਿਸ ਵਿਚ ਉਸ ਦੀ ਅਦਾਕਾਰੀ ਦੇ ਵੱਖੋ ਵੱਖਰੇ ਰੰਗ ਦਰਸ਼ਕਾਂ ਸਾਹਮਣੇ ਆ ਸਕਣ।
ਖੰਨਾ ਨੇ ਦੱਸਿਆ ਕਿ ਜਲਦ ਹੀ ਉਹ ਇਕ ਹੋਰ ਵੱਡੀ ਹਿੰਦੀ ਫਿਲਮ ਦੁਆਰਾ ਦਰਸ਼ਕਾਂ ਸਨਮੁੱਖ ਹੋਵੇਗੀ, ਜਿਸ ਵਿਚ ਉਸ ਦੀ ਭੂਮਿਕਾ ਬਹੁਤ ਹੀ ਪ੍ਰਭਾਵਸ਼ਾਲੀ ਹੈ ਅਤੇ ਮਾਣਮੱਤੀ ਹੋਵੇਗੀ। ਇਸ ਵਿਚ ਵੀ ਉਹ ਮੰਝੇ ਹੋਏ ਸਿਤਾਰਿਆਂ ਸੰਗ ਅਭਿਨੈ ਕਰਦੀ ਨਜ਼ਰ ਆਵੇਗੀ।