ਚੰਡੀਗੜ੍ਹ: ਹਾਲ ਹੀ ਵਿਚ ‘ਥਾਨਾ ਸਦਰ’ ਜਿਹੀ ਅਰਥ ਭਰਪੂਰ ਪੰਜਾਬੀ ਫ਼ਿਲਮ ਬਤੌਰ ਲੇਖਕ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹੈਪੀ ਰੋਡੇ ਹੁਣ ਨਿਰਦੇਸ਼ਕ ਦੇ ਤੌਰ 'ਤੇ ਵੀ ਆਪਣੀ ਸ਼ੁਰੂਆਤ ਕਰ ਚੁੱਕੇ ਹਨ, ਜਿੰਨ੍ਹਾਂ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਨਵੀਂ ਫ਼ਿਲਮ ‘ਰੋਡੇ ਕਾਲਜ’ ਸੈੱਟ 'ਤੇ ਪੁੱਜ ਚੁੱਕੀ ਹੈ, ਜਿਸ ਦੀ ਸ਼ੂਟਿੰਗ ਮੋਗਾ, ਬਾਘਾਪੁਰਾਣਾ ਨੇੜ੍ਹਲੇ ਵੱਖ ਵੱਖ ਇਲਾਕਿਆਂ ਵਿਚ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ।
‘ਰਾਜ ਆਸ਼ੂ ਫ਼ਿਲਮਜ਼’ ਅਤੇ ‘ਸਟੂਡਿਓ ਏਟ ਸੋਰਸ’ ਦੀ ਸੰਯੁਕਤ ਐਸੋਸੀਏਸ਼ਨ ਅਧੀਨ ਬਣ ਰਹੀ ਇਸ ਫ਼ਿਲਮ ਦਾ ਨਿਰਮਾਣ ‘ਬਲਕਾਰ ਮੋਸ਼ਨ ਪਿਕਚਰਜ਼ ਅਤੇ ‘ਤਹਿਜ਼ੀਬ ਫ਼ਿਲਮ’ ਵੱਲੋਂ ਕੀਤਾ ਜਾ ਰਿਹਾ ਹੈ। ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਚੰਗੀਆਂ ਫ਼ਿਲਮਾਂ ਵਿਚ ਆਪਣੀ ਪ੍ਰਸਿੱਧੀ ਕਰਵਾਉਣ ਦੀ ਪੂਰੀ ਸਮਰੱਥਾ ਰੱਖਦੀ ਇਸ ਫ਼ਿਲਮ ਦਾ ਕੇਂਦਰਬਿੰਦੂ ਮਾਲਵਾ ਦੇ ਮਸ਼ਹੂਰ ਸਰਕਾਰੀ 'ਕਾਲਜ ਰੋਡੇ' ਨੂੰ ਬਣਾਇਆ ਗਿਆ ਹੈ, ਜਿੱਥੇ ਪੜ੍ਹੇ ਸ਼ੈਰੀ ਮਾਨ ਅਤੇ ਹੋਰ ਕਈ ਸਿਤਾਰੇ ਅੱਜ ਵੱਖ-ਵੱਖ ਖਿੱਤਿਆਂ ਵਿਚ ਚੋਖਾ ਨਾਮਣਾ ਖੱਟ ਰਹੀਆਂ ਹਨ।
ਉਕਤ ਫ਼ਿਲਮ ਦੇ ਕੈਮਰਾਮੈਨ ਦੀਆਂ ਜਿੰਮੇਵਾਰੀਆਂ ਪ੍ਰੀਕਸ਼ਤ ਵਾਰੀਅਰ ਸੰਭਾਲ ਰਹੇ ਹਨ, ਜਦਕਿ ਸਟਾਰਕਾਸਟ ਵਿਚ ਹਿੰਦੀ ਸਿਨੇਮਾ ਦੇ ਉਚਕੋਟੀ ਐਕਟਰਜ਼ ਵਿਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਮਾਨਵ ਵਿਜ਼ ਤੋਂ ਇਲਾਵਾ ਸਵਿੰਦਰ ਵਿੱਕੀ , ਵੱਡਾ ਸਰਾਓ, ਸੁਖਦੇਵ ਲੱਧੜ੍ਹ ਆਦਿ ਸ਼ਾਮਿਲ ਹਨ।
ਪੰਜਾਬ ਦੇ ਕਲਾਜੀਏਟ ਸਮੇਂ ਨਾਲ ਜੁੜੀਆਂ ਨੌਜਵਾਨੀ ਯਾਦਾਂ, ਉਨ੍ਹਾਂ ਦੀ ਆਪਸੀ ਰਹੀ ਸਾਂਝ ਅਤੇ ਇੰਨ੍ਹਾਂ ਨੂੰ ਦਰਪੇਸ਼ ਆਉਣ ਵਾਲੇ ਰਾਜਨੀਤਿਕ , ਮੌਕਾਪਰਸਥਤ ਹਾਲਾਤਾਂ ਤੋਂ ਰੂਬਰੂ ਕਰਵਾਉਂਦੀ ਇਸ ਭਾਵਨਾਤਮਕ ਫ਼ਿਲਮ ਦਾ ਇਕ ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਇਸ ਦੀ ਟੀਮ ’ਚ ਜਿਆਦਾਤਰ ਨਵੀਆਂ ਅਤੇ ਉਭਰ ਰਹੀਆਂ ਪ੍ਰਤੀਭਾਵਾਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ। ਇਸੇ ਮੱਦੇਨਜ਼ਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਆਪਣੀ ਸੰਪੂਰਨਤਾ ਵੱਲ ਵੱਧ ਰਹੀ ਇਸ ਫ਼ਿਲਮ ਦਾ ਇਕ ਇਕ ਦ੍ਰਿਸ਼ ਇਸ ਸਿਨੇਮਾ ਖਿੱਤੇ ਨੂੰ ਨਵੀਆਂ ਅਤੇ ਤਰੋ-ਤਾਜ਼ਗੀ ਭਰਪੂਰ ਸੰਭਾਵਨਾਂ ਦੇਣ ਦੀ ਵੀ ਉਮੀਦ ਖੜੀ ਕਰ ਰਿਹਾ ਹੈ।
ਹੈਪੀ ਰੋਡੇ ਬਾਰੇ: ਲੇਖਕ ਹੈਪੀ ਰੋਡੇ ਨੇ ਇੱਕ ਸਕ੍ਰਿਪਟ ਲੇਖਕ ਵਜੋਂ ਆਪਣਾ ਪਹਿਲਾ ਪ੍ਰੋਜੈਕਟ ਦੇ ਕੇ ਫਿਲਮ ਉਦਯੋਗ ਵੱਲ ਆਪਣਾ ਪਹਿਲਾ ਜੇਤੂ ਕਦਮ ਰੱਖਿਆ, ਜਿਸਨੇ ਉਸਦੇ ਕੈਰੀਅਰ ਦੀ ਸ਼ੁਰੂਆਤ ਵਜੋਂ ਇੱਕ ਮੀਲ ਪੱਥਰ ਸਥਾਪਤ ਕੀਤਾ ਹੈ। ਕਰਤਾਰ ਚੀਮਾ ਸਟਾਰਰ ਪੰਜਾਬੀ ਫਿਲਮ 'ਥਾਣਾ ਸਦਰ' ਇੱਕ ਲੇਖਕ ਵਜੋਂ ਉਸਦਾ ਪਹਿਲਾ ਪ੍ਰੋਜੈਕਟ ਸੀ ਅਤੇ ਉਹ ਵਿਲੱਖਣ ਸੰਕਲਪ ਅਤੇ ਲਿਖਣ ਦੇ ਆਪਣੇ ਸ਼ਾਨਦਾਰ ਢੰਗ ਕਾਰਨ ਅੱਜ ਵੀ ਸੁਰਖੀਆਂ ਵਿੱਚ ਹੈ। ਹੈਪੀ ਰੋਡੇ ਦਾ ਅਸਲੀ ਨਾਂ ਹਰਿੰਦਰਜੀਤ ਸਿੰਘ ਬਰਾੜ ਹੈ ਅਤੇ ਉਹ ਪੰਜਾਬੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ।
ਇਹ ਵੀ ਪੜ੍ਹੋ: Karan Aujla wedding: ਕਰਨ ਔਜਲਾ ਦੇ ਵਿਆਹ ਨੇ ਤੋੜੇ ਕਈ ਕੁੜੀਆਂ ਦੇ ਦਿਲ, ਇੱਕ ਨੇ ਲਿਖਿਆ 'ਕਿਉਂ ਬੇਬੀ ਕਿਉਂ'