ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਅਜ਼ੀਮ ਫ਼ਨਕਾਰ ਗੁਰਦਾਸ ਮਾਨ ਜਲਦ ਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਵਿਸ਼ੇਸ਼ ਸੋਅਜ਼ ਟੂਰ ਕਰਨ ਜਾ ਰਹੇ ਹਨ, ਜੋ ਸਿਡਨੀ ਸਮੇਤ ਉਥੋਂ ਦੇ ਵੱਖ-ਵੱਖ ਸ਼ਹਿਰਾਂ ਵਿਖੇ ਹੋਣ ਵਾਲੇ ਕਈ ਗ੍ਰੈਂਡ ਪ੍ਰੋਗਰਾਮਾਂ ਦਾ ਹਿੱਸਾ ਬਣਨਗੇ।
‘ਸਟਾਰ ਇਲਾਇੰਟ ਇੰਟਰਟੇਨਮੈਂਟ’, ਦੇਸੀ ਰੋਕਸ ਅਤੇ ‘ਟੀਈਸੀਏ’ ਦੇ ਬੈਨਰ ਹੇਠ ਆਯੋਜਿਤ ਕੀਤੇ ਜਾ ਰਹੇ ਇੰਨ੍ਹਾਂ ਸੋਅਜ਼ ਦੀ ਪ੍ਰਬੰਧਨ ਟੀਮ ਅਨੁਸਾਰ ਡੇਵ ਸਿੱਧੂ, ਜਤਿਨ ਕਪੂਰ ਦੱਸਦੇ ਹਨ ਕਿ ਕਾਫ਼ੀ ਸਮੇਂ ਬਾਅਦ ਇੱਥੇ ਆਪਣੀ ਨਾਯਾਬ ਗਾਇਕੀ ਦਾ ਇਕ ਵਾਰ ਫਿਰ ਮੁਜ਼ਾਹਰਾ ਕਰਨ ਆ ਰਹੇ ਗੁਰਦਾਸ ਮਾਨ ਦੇ ਇੰਨ੍ਹਾਂ ਈਵੈਂਟਸ ਨੂੰ ਲੈ ਕੇ ਉਨਾਂ ਦੇ ਚਾਹੁੰਣ ਵਾਲਿਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿੰਨ੍ਹਾਂ ਦੇ ਪ੍ਰਸੰਸ਼ਕਾਂ ਵਿਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਵੀ ਸ਼ਾਮਿਲ ਹਨ, ਜੋ ਉਨਾਂ ਦੀ ਨਿਵੇਕਲੀ ਅਤੇ ਪੰਜਾਬੀਅਤ ਕਦਰਾਂ, ਕੀਮਤਾਂ ਦੀ ਭਰਪੂਰ ਤਰਜ਼ਮਾਨੀ ਕਰਦੀ ਗਾਇਕੀ ਸੁਣਨਾ ਹਮੇਸ਼ਾ ਪਸੰਦ ਕਰਦੇ ਹਨ।
ਉਕਤ ਸੋਅਜ਼ ਜੋ ਬਹੁਤ ਹੀ ਵੱਡੇ ਪੱਧਰ 'ਤੇ ਆਯੋਜਿਤ ਕੀਤੇ ਜਾ ਰਹੇ ਹਨ, ਇਸ ਦੌਰਾਨ ਮੰਚ ਸੰਚਾਲਣ ਦੀ ਜਿੰਮੇਵਾਰੀ ਗੁਰਦਾਸ ਮਾਨ ਦੇ ਬਹੁਤ ਹੀ ਕਰੀਬੀ ਅਤੇ ਪ੍ਰਤਿਭਾਵਾਨ ਸਾਥੀ ਪਰਮ ਪਰਮਿੰਦਰ ਸੰਭਾਲਣਗੇ, ਜੋ ਖੁਦ ਬਾਕਮਾਲ ਸਿੰਗਰ, ਹੋਸਟ ਹਨ ਅਤੇ ਕਈ ਅਰਥ ਭਰਪੂਰ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾ ਚੁੱਕੇ ਹਨ।
ਉਕਤ ਸੋਅਜ਼ ਦੀ ਘੋਸ਼ਣਾ ਬਾਅਦ ਹੀ ਇੰਨ੍ਹਾਂ ਨੂੰ ਮਿਲ ਰਹੇ ਦਰਸ਼ਕ ਹੁੰਗਾਰੇ ਨੂੰ ਵੇਖਦਿਆਂ ਖੁਸ਼ੀ ਮਹਿਸੂਸ ਕਰਦਿਆਂ ਪਰਮ ਦੱਸਦੇ ਹਨ ਕਿ ਉਨ੍ਹਾਂ ਲਈ ਇਹ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ ਹੀ ਨਹੀਂ ਬਲਕਿ ਹਰ ਵਿਦੇਸ਼ੀ ਧਰਤੀ 'ਤੇ ਹੋਣ ਵਾਲੇ ਗੁਰਦਾਸ ਮਾਨ ਪ੍ਰੋਗਰਾਮਾਂ ਦਾ ਸੰਚਾਲਣ ਕਰਨ ਦਾ ਮਾਣ ਉਨਾਂ ਦੇ ਹਿੱਸੇ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ‘ਅੱਖੀਆਂ ਉਡੀਕਦੀਆਂ’ ਦੇ ਟਾਈਟਲ ਅਧੀਨ ਕਰਵਾਏ ਜਾ ਰਹੇ ਉਕਤ ਸੋਅਜ਼ ਅਧੀਨ ਸਭ ਤੋਂ ਪਹਿਲਾਂ ਸ਼ੋਅ 2 ਸਤੰਬਰ ਨੂੰ ਆਕਲੈਂਡ ਦੇ ਨਿਊ ਡਰੋਪ ਸੈਂਟਰ, ਦੂਸਰਾ 9 ਸਤੰਬਰ ਨੂੰ ਪਰਥ, 16 ਸਤੰਬਰ ਨੂੰ ਐਡੀਲੈਂਡ ਅਤੇ 17 ਸਤੰਬਰ ਨੂੰ ਮੈਲਬੋਰਨ ਦੇ ਮਾਰਗ੍ਰੇਟ ਕੋਰਟ ਏਰੀਨਾ ਰੱਖਿਆ ਗਿਆ ਹੈ, ਜਿਸ ਉਪਰੰਤ ਆਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਕਈ ਸ਼ਹਿਰਾਂ ਵਿਖੇ ਇਹ ਲਾਈਵ ਗਾਇਕੀ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿਸ ਲਈ ਤਿਆਰੀਆਂ ਬਹੁਤ ਹੀ ਵੱਡੇ ਅਤੇ ਆਲੀਸ਼ਾਨ ਪੱਧਰ 'ਤੇ ਅੰਜ਼ਾਮ ਦਿੱਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸੋਅਜ਼ ਵਿਚ ਗੁਰਦਾਸ ਮਾਨ ਵੱਲੋਂ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ’, ‘ਛੱਲਾ’, ‘ਸੱਜਣਾਂ ਵੇ ਸੱਜਣਾਂ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਿਹਰ' ਆਦਿ ਜਿਹੇ ਜਿਆਦਾਤਰ ਗੀਤ ਪੰਜਾਬ ਅਤੇ ਪੰਜਾਬੀਅਤ ਦੀਆਂ ਗੁਆਚ ਰਹੀਆਂ ਵੰਨਗੀਆਂ ਨੂੰ ਸਮਰਪਿਤ ਹਨ ਤਾਂ ਕਿ ਉਥੋਂ ਦੀ ਨਵੀਂ ਜਨਰੇਸ਼ਨ ਨੂੰ ਉਨਾਂ ਦੇ ਅਸਲ ਸਰਮਾਏ ਅਤੇ ਜੜ੍ਹਾਂ ਨਾਲ ਜੋੜਿਆ ਜਾ ਸਕੇ।