ਮਾਨਸਾ: ਸਿੱਧੂ ਮੂਸੇਵਾਲਾ ਦੇ ਕਤਲ ਤੋਂ 10 ਮਹੀਨੇ ਬਾਅਦ ਵੀ ਸਿੱਧੂ ਦੇ ਪ੍ਰਸ਼ੰਸਕਾਂ ਦੀ ਮੂਸੇ ਪਿੰਡ ਆਉਣ ਦੇ ਲਈ ਰੋਜ਼ਾਨਾ ਗਿਣਤੀ ਵਧਦੀ ਰਹਿੰਦੀ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਪਹੁੰਚ ਕੇ ਜਿੱਥੇ ਮਾਤਾ ਪਿਤਾ ਨਾਲ ਮਿਲ ਕੇ ਦੁੱਖ ਸਾਂਝਾ ਕਰਦੇ ਹਨ, ਉਥੇ ਹੀ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੇ ਲਈ ਵੀ ਸਰਕਾਰ ਅੱਗੇ ਅਪੀਲ ਕਰਦੇ ਹਨ।
ਲੁਧਿਆਣਾ ਵਿਖੇ ਕਾਲਜ ਵਿੱਚ ਪੜਾਈ ਦੌਰਾਨ ਸਿੱਧੂ ਮੂਸੇਵਾਲਾ ਦਾ ਹਰਿਆਣਾ ਤੋਂ ਦੋਸਤ ਸੁੱਖ ਵੀ ਸਿੱਧੂ ਦੀ ਹਵੇਲੀ ਪਹੁੰਚਿਆ ਅਤੇ ਉਸਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨਾਲ ਉਸਦਾ ਬਹੁਤ ਗੂੜ੍ਹਾ ਪਿਆਰ ਸੀ। ਜਦੋਂ ਲੁਧਿਆਣਾ ਵਿਖੇ ਪੜ੍ਹਾਈ ਦੌਰਾਨ ਕੰਟੀਨੀ ਮੰਡੀਰ ਦੀ ਟੀਮ ਆਈ ਸੀ ਤਾਂ ਉਸ ਸਮੇਂ ਸਿੱਧੂ ਮੂਸੇਵਾਲਾ ਦਾ ਨਿੰਜਾ ਦੀ ਆਵਾਜ਼ ਵਿੱਚ ਲਾਇਸੰਸ ਗੀਤ ਆਇਆ ਸੀ ਪਰ ਸਿੱਧੂ ਖੁਦ ਵੀ ਗਾਊਣਾ ਚਾਹੁੰਦਾ ਸੀ, ਜਿਸ ਲਈ ਮੈਂ ਉਸਨੂੰ ਹੱਲਾਸ਼ੇਰੀ ਦਿੱਤੀ ਅਤੇ ਕੰਟੀਨੀ ਮੰਡੀਰ ਵਿੱਚ ਉਸਨੇ ਆਪਣਾ ਲਿਖਿਆ ਗੀਤ 'ਲਾਇਸੰਸ' ਗਾਇਆ ਸੀ, ਉਸ ਤੋਂ ਬਾਅਦ ਸਿੱਧੂ ਵਿਦੇਸ਼ ਚਲਾ ਗਿਆ ਅਤੇ ਹਿੱਟ ਹੋ ਕੇ ਹੀ ਪੰਜਾਬ ਪਰਤਿਆ। ਫਿਰ ਸਿੱਧੂ ਨੂੰ ਮਿਲੇ ਤਾਂ ਉਸਨੇ ਆਪਣਾ ਨੰਬਰ ਵੀ ਦਿੱਤਾ ਸੀ, ਸਾਡੀ ਅਕਸਰ ਗੱਲ ਹੁੰਦੀ ਸੀ। ਉਸਨੇ ਅੱਗੇ ਦੱਸਿਆ ਕਿ ਸਿੱਧੂ ਦੀ ਮੌਤ ਦਾ ਖ਼ਬਰ ਸੱਚ ਨਹੀਂ ਲੱਗੀ ਪਰ ਜਦੋਂ ਪਤਾ ਲੱਗਾ ਤਾਂ ਸਹਿਣ ਨਹੀ ਹੋਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਵੀ ਅਪੀਲ ਕੀਤੀ।
ਤੁਹਾਨੂੰ ਦੱਸ ਦਈਏ ਕਿ ਆਏ ਦਿਨ ਸਿਤਾਰੇ, ਦੋਸਤ ਅਤੇ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਣ ਆਉਂਦੇ ਰਹਿੰਦੇ ਹਨ, ਪਿਛਲੇ ਦਿਨੀਂ ਸ੍ਰੀਨਗਰ ਤੋਂ ਗਾਇਕ-ਅਦਾਕਾਰ ਅਯਾਨ ਖਾਨ ਪਹੁੰਚੇ ਸਨ, ਉਹਨਾਂ ਨੇ ਸਿੱਧੂ ਦੇ ਇਨਸਾਫ਼ ਨੂੰ ਲੈ ਕੇ ਵੀਡੀਓ ਵੀ ਜਾਰੀ ਕੀਤੀ ਸੀ ਅਤੇ ਨਾਲ ਹੀ ਇੰਸਟਾਗ੍ਰਾਮ ਉਤੇ ਭਾਵੁਕ ਪੋਸਟ ਸਾਂਝੀ ਕੀਤੀ ਸੀ।
ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ: 29 ਮਈ 2022 ਦੀ ਸ਼ਾਮ ਨੇ ਇੱਕ ਵਾਰ ਤਾਂ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ। ਜਦੋਂ ਪੂਰੇ ਪੰਜਾਬ ਵਿੱਚ ਇਹ ਸੁਣਨ ਨੂੰ ਮਿਲਿਆ ਕਿ ਸਿੱਧੂ ਮੂਸੇਵਾਲਾ ਨਹੀਂ ਰਹੇ। ਸਿੱਧੂ ਦੀ ਮੌਤ ਕਿਸੇ ਨੂੰ ਵੀ ਸੱਚ ਨਾ ਲੱਗੀ। ਕਿਉਂਕਿ 1 ਕਰੋੜ ਦਾ ਟੈਕਸ ਭਰਨ ਵਾਲੇ ਗਾਇਕ ਦੀ ਇੰਝ ਦਿਨ ਦਿਹਾੜੇ ਕਤਲ ਕਿਸੇ ਲਈ ਵੀ ਸਹਿਣ ਕਰਨਾ ਆਸਾਨ ਨਹੀਂ ਸੀ। ਖ਼ੈਰ, ਪ੍ਰਸ਼ੰਸ਼ਕਾਂ ਅਤੇ ਮਾਤਾ ਪਿਤਾ ਨੂੰ ਇਹ ਮੰਨਣਾ ਹੀ ਪਿਆ ਕਿ ਗਾਇਕ ਹੁਣ ਸਾਡੇ ਵਿੱਚ ਨਹੀਂ ਰਹੇ। ਹੁਣ ਤੱਕ ਮਰਹੂਮ ਗਾਇਕ ਦੇ ਤਿੰਨ ਨਵੇਂ ਗੀਤ ਰਿਲੀਜ਼ ਕੀਤੇ ਗਏ ਹਨ।
ਇਹ ਵੀ ਪੜ੍ਹੋ:Rakesh Sawant: ਪਾਲੀਵੁੱਡ ’ਚ ਨਵੀਂ ਪਾਰੀ ਦਾ ਆਗਾਜ਼ ਕਰਨਗੇ ਰਾਖੀ ਸਾਵੰਤ ਦੇ ਭਰਾ ਅਤੇ ਨਿਰਦੇਸ਼ਕ ਰਾਕੇਸ਼ ਸਾਵੰਤ, ਵਿਸਥਾਰ ਜਾਣੋ