ਚੰਡੀਗੜ੍ਹ: ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਮਨ੍ਹਾਂ ’ਚ ਰਾਜਨੀਤਿਕ ਮਤਭੇਦਾਂ ਦੇ ਚੱਲਦਿਆਂ ਸਮੇਂ ਸਮੇਂ ਪੈਣ ਵਾਲੇ ਸਾਂਝ ਖਲਾਅ ਅਤੇ ਇਸ ਨਾਲ ਪੈਦਾ ਹੋਣ ਵਾਲੀਆਂ ਭਾਈਚਾਰਕ ਦੂਰੀਆਂ ਨੂੰ ਖਤਮ ਕਰਨ ’ਚ ਕਲਾ ਹਮੇਸ਼ਾ ਅਹਿਮ ਅਤੇ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਹੈ, ਫ਼ਿਰ ਉਹ ਚਾਹੇ ਭਾਰਤੀ, ਪੰਜਾਬੀ ਖਿੱਤੇ ਨਾਲ ਸੰਬੰਧਤ ਹੋਵੇ ਜਾਂ ਫਿਰ ਲਾਹੌਰ ਕਲਾ ਨਗਰੀ।
ਕੁਝ ਇਸੇ ਤਰ੍ਹਾਂ ਦੇ ਸਲਾਹੁਣਯੋਗ ਸਿਲਸਿਲੇ ਨੂੰ ਇਕ ਵਾਰ ਫਿਰ ਪ੍ਰਭਾਵੀ ਰੂਪ ’ਚ ਦੁਹਰਾਉਣ ਦਾ ਮਾਣ ਅੱਜਕੱਲ੍ਹ ਹਾਸਿਲ ਕਰ ਰਹੇ ਹਨ, ਲਾਹੌਰੀਏ ਕਾਮੇਡੀ ਕਲਾਕਾਰ, ਜੋ ਪੰਜਾਬੀ ਸਿਨੇਮਾ ਨੂੰ ਸੋਹਣਾ ਮੁਹਾਂਦਰਾ ਅਤੇ ਨਵੇਂ ਆਯਾਮ ਦੇਣ ’ਚ ਇੰਨ੍ਹੀ ਦਿਨ੍ਹੀਂ ਅਹਿਮ ਯੋਗਦਾਨ ਪਾ ਰਹੇ ਹਨ। ਪੰਜਾਬੀ ਫ਼ਿਲਮਾਂ ਨੂੰ ਚੰਗਾ ਰੂਪ ਦੇਣ ’ਚ ਅਹਿਮ ਭੂਮਿਕਾ ਨਿਭਾ ਰਹੇ ਅਜਿਹੇ ਹੀ ਲਾਹੌਰੀਏ ਕਲਾਕਾਰਾਂ ਅਤੇ ਉਨਾਂ ਦੇ ਅਭਿਨੈ ਸਫ਼ਰ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ।
ਇਫਤਿਖਾਰ ਠਾਕੁਰ: ਪਾਕਿਸਤਾਨ ਦੇ ਮਿਆਂਚੰਨੂ ਖਾਨੇਵਾਲ ਨਾਲ ਸੰਬੰਧਤ ਅਤੇ ਉਥੋ ਦੇ ਪ੍ਰੈਜੀਡੈਂਟ ਹੱਥੋਂ ‘ਪਰਾਈਡ ਆਫ਼ ਪ੍ਰੋਫੋਰਮੈਸ’ ਦੇ ਖ਼ਿਤਾਬ ਨਾਲ ਨਿਵਾਜੇ ਜਾਣ ਦਾ ਮਾਣ ਹਾਸਿਲ ਕਰ ਚੁੱਕੇ ਇਹ ਬਾਕਮਾਲ ਐਕਟਰ ਪੀ.ਟੀ.ਵੀ ਦੇ ਗੈਸਟ ਹਾਊਸ, ਡਬਲ ਸਵਾਰੀ, ਰੈਂਟ ਏ ਭੂਤ, ਏ .ਜੇ.ਕੇ ਟੀ.ਵੀ ਦੇ ਲਾਹੌਰੀ ਗੇਟ, ਸਾਲਾ ਭਰਾ, ਨਿਰਾਲਾ, ਡੋਨ ਨੰਬਰ 1, ਨਿਜ਼ਾਮ, ਨਵਾਬ ਘਰ, ਜਿਓ ਟੀ.ਵੀ ਦੇ ਜੀਰੋ ਜੀਰੋ ਡੇਢ, ਨਿਓ ਟੀ.ਵੀ ਦੇ ਸਵਾ ਤੀਨ, ਚੌਧਰੀ ਐਂਡ ਸੰਨਜ਼ ਤੋਂ ਇਲਾਵਾ ਪਾਕਿਸਤਾਨੀ ਫ਼ਿਲਮਾਂ ਹਮ ਏਕ ਹੈ, ਮਜਾਜਣ, ਭਾਪਾ ਆਇਆ ਪਾਕਿਸਤਾਨ, ਮਿੱਕੀ ਖਾਰੋ ਇੰਗਲੈਂਡ, ਵਨ ਟੂ ਕਾ ਵਨ , ਗੁਲਾਬੋ, ਆਪਣੇ ਹੁਏ ਪਰਾਏ, ਚੰਨਾਂ ਸੱਚੀ ਮੁੱਚੀ, ਵਹੁਟੀ ਲੈ ਕੇ ਜਾਨੀ, ਠਾਕੁਰ 420, ਦਿਲ ਪਰਾਏ ਦੇਸ ਮੇਂ, ਲਿਫ਼ੰਗਾ , ਨਿਕੱਮੇ ਪੁੱਤਰ, ਸਵਾਲ 700 ਕਰੋੜ ਡਾਲਰ ਦਾ ਆਦਿ ‘ਚ ਆਪਣੀਆਂ ਅਨੂਠੀਆਂ ਅਭਿਨੈ ਕਲਾਵਾਂ ਦਾ ਪ੍ਰਗਟਾਵਾ ਬਾਖੂਬੀ ਕਰ ਚੁੱਕੇ ਹਨ।
ਲਾਹੌਰ ਤੋਂ ਬਾਅਦ ਇਹ ਮੰਝੇ ਹੋਏ ਅਦਾਕਾਰ ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ 3’, ’ਮਾਂ ਦਾ ਲਾਡਲਾ’, ’ਪਾਣੀ ’ਚ ਮਧਾਣੀ’ ਆਦਿ ਭਾਰਤੀ ਪੰਜਾਬੀ ਨੂੰ ਵੀ ਸੋਹਣਾ ਮੁਹਾਦਰਾਂ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜੋ ਆਉਂਦੇ ਦਿਨ੍ਹੀਂ ਰਿਲੀਜ਼ ਹੋਣ ਵਾਲੀਆਂ ਇੱਥੋਂ ਦੀਆਂ ਕਈ ਹੋਰ ਪੰਜਾਬੀ ਫ਼ਿਲਮਾਂ ’ਚ ਪ੍ਰਭਾਵੀ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿੰਨ੍ਹਾਂ ਵਿਚ ਐਮੀ ਵਿਰਕ ਦੀ ‘ਅੰਨੀ ਦਿਆਂ ਮਜ਼ਾਕ ਏ’ ਆਦਿ ਸ਼ਾਮਿਲ ਹੈ।
ਨਾਸਿਰ ਚਿਨਯੋਤੀ: ਲਹਿੰਦੇ ਪੰਜਾਬ ਦੇ ਚਿਨੋਤ ਨਾਲ ਤਾਲੁਕ ਰੱਖਦੇ ਨਾਸਿਰ ਚਿਨਯੋਤੀ ਦਾ ਨਾਂਅ ਅਤੇ ਖੁਸ਼ਗਵਾਰ ਚਿਹਰਾ ਸਾਹਮਣੇ ਆਉਂਦਿਆਂ ਹੀ ਦਰਸ਼ਕਾਂ ਦੇ ਚਿਹਰੇ 'ਤੇ ਆਪ ਮੁਹਾਰੇ ਮੁਸਕਰਾਹਟ ਆ ਜਾਂਦੀ ਹੈ, ਜਿੰਨ੍ਹਾਂ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਪਾਕਿਸਤਾਨ ਦੇ ਮੁਲਤਾਨ ਰੰਗਮੰਚ ਤੋਂ ਕੀਤੀ। ਉਨ੍ਹਾਂ ਉਰਦੂ, ਪੰਜਾਬੀ ਸਹਿਤ ਵੱਖ ਵੱਖ ਭਾਸ਼ਾਵਾਂ ਨਾਲ ਜੁੜੇ ਅਥਾਹ ਸਟੇਜਾਂ ਡਰਾਮਿਆਂ ਅਤੇ ਟੈਲੀਫ਼ਿਲਮਾਂ ਵਿਚ ਅਭਿਨੈ ਕਰਨ ਦਾ ਮਾਣ ਹਾਸਿਲ ਕਰ ਲਿਆ ਹੈ।
ਪਾਕਿਸਤਾਨ ਦੇ ਸਰਵੋਤਮ ਹਾਸ ਅਦਾਕਾਰ ਵਜੋਂ ਉਚ ਦਰਜਾ ਰੱਖਦੇ ਇਹ ਸ਼ਾਨਦਾਰ ਅਦਾਕਾਰ ਨਿਓ ਨਿਊਜ਼ 'ਤੇ ‘ਖਬਰਿਆਰ’ ਕਾਮੇਡੀ ਸੋਅਜ, ਐਕਸਪ੍ਰੈਸ ਨਿਊਸ ਅਤੇ ‘ਖਬਰਦਾਰ’ ਵਿਚ ਵੀ ਆਪਣੇ ਅਨੂਠੇ ਅਭਿਨੈ ਦਾ ਪ੍ਰਗਟਾਵਾ ਲਗਾਤਾਰ ਕਰਦੇ ਆ ਰਹੇ ਹਨ, ਜੋ ਇੰਨ੍ਹੀ ਦਿਨ੍ਹੀਂ ਚੜ੍ਹਦੇ ਪੰਜਾਬ ਦੀਆਂ ਪੰਜਾਬੀ ਫ਼ਿਲਮਾਂ ਵਿਚ ਵੀ ਪੂਰੀ ਤਰ੍ਹਾਂ ਛਾਏ ਹੋਏ ਹਨ, ਜਿੰਨ੍ਹਾਂ ਦੀਆਂ ਇੱਥੇ ਮਕਬੂਲ ਹੋਈਆਂ ਅਤੇ ਅਪਾਰ ਸਫ਼ਲਤਾ ਹਾਸਿਲ ਕਰਨ ਵਾਲੀਆਂ ਫ਼ਿਲਮਾਂ ਵਿਚ ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ ਪੁੱਤ 3’, ‘ਆਜਾ ਮੈਕਸੀਕੋ ਚੱਲੀਏ’ ਆਦਿ ਸ਼ਾਮਿਲ ਹਨ। ਉਨ੍ਹਾਂ ਦੀਆਂ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਵਿਚ ਐਮੀ ਵਿਰਕ ਨਾਲ ‘ਅੰਨੀ ਦਿਆਂ ਮਜ਼ਾਕ ਏ’, ਗਿੱਪੀ ਗਰੇਵਾਲ ਨਾਲ ਸਮੀਪ ਕੰਗ ਨਿਰਦੇਸ਼ਿਤ ‘ਕੈਰੀ ਆਨ ਜੱਟਾ 3’ ਪ੍ਰਮੁੱਖ ਹਨ।
ਅਕਰਮ ਉਦਾਸ: ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ’ ਅਤੇ ਇਸੇ ਸੀਰੀਜ਼ ਦੇ ਅਤਿ ਮਕਬੂਲ ਹੋਏ ਇਕ ਡਾਇਲਾਗ ‘ਫਿਰ ਨਾ ਆਖੀ ਬੂਟਾ ਗਾਲਾਂ ਕੱਢਦਾ’ ਨਾਲ ਚਰਚਾ ’ਚ ਆਏ ਅਤੇ ਮਣਾਮੂਹੀ ਸਲਾਹੁਤਾ ਹਾਸਿਲ ਕਰ ਗਏ ਅਦਾਕਾਰ ਅਕਰਮ ਉਦਾਸ ਵੀ ਲਹਿੰਦੇ ਪੰਜਾਬ ਦੇ ਸਿਰਕੱਢ ਅਤੇ ਧੱਕੜ੍ਹ ‘ਚੱਲ ਮੇਰਾ ਪੁੱਤ’ ਤੋਂ ਬਾਅਦ ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ ਪੁੱਤ 3’ ਵਿਚ ਵੀ ਆਪਣੇ ਅਨੂਠੇ ਅਤੇ ਪ੍ਰਭਾਵਸ਼ਾਲੀ ਅਭਿਨੈ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਦਾ ਇਹੀ ਅਭਿਨੈ ਆਉਣ ਵਾਲੇ ਦਿਨ੍ਹੀਂ ਇੱਥੋਂ ਦੀਆਂ ਕਈ ਪੰਜਾਬੀ ਫ਼ਿਲਮਾਂ ਵਿਚ ਵੇਖਣ ਨੂੰ ਮਿਲੇਗਾ।
ਜਫ਼ਰੀ ਖ਼ਾਨ: ਹਾਲ ਹੀ ਵਿਚ ਆਈ ਐਮੀ ਵਿਰਕ ਸਟਾਰਰ ‘ਆਜਾ ਮੈਕਸੀਕੋ ਚੱਲੀਏ’ ਵਿਚ ਮਹੱਤਵਪੂਰਨ ਅਤੇ ਭਾਵਨਾਤਮਕ ਭੂਮਿਕਾ ਨਿਭਾਉਣ ਵਾਲੇ ਜਫ਼ਰੀ ਖ਼ਾਨ ਲਾਹੌਰ ਦੇ ਫ਼ੈਸ਼ਲਾਵਾਦ ’ਚ ਪੈਦਾ ਹੋਏ, ਜੋ ਪਾਕਿਸਤਾਨੀ ਥੀਏਟਰ ਤੋਂ ਇਲਾਵਾ ‘ਮਜ਼ਾਕ ਮਜ਼ਾਕ ਮੇਂ’, ‘ਅਫ਼ਰਾ ਜਫ਼ਰੀ’, ‘ਖ਼ਬਰਦਾਰ’, ‘ਮਿੱਠੀਆਂ ਸ਼ਰਾਰਤਾਂ’, ‘ਦੁਮੱਕਾ’ , ‘ਲਾਹੌਰੀਆਂ’, ‘ਰਨ ਮੁਰੀਦ’ ਆਦਿ ਜਿਹੇ ਉਥੋਂ ਦੇ ਕਈ ਸੋਅਜ਼ ਅਤੇ ਫ਼ਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ।
ਆਗਾ ਮਜ਼ੀਦ: ਚੜ੍ਹਦੇ ਪੰਜਾਬ ਦੀ ਸਫ਼ਲਤਮ ਪੰਜਾਬੀ ਫ਼ਿਲਮ ਸੀਰੀਜ਼ ‘ਚੱਲ ਮੇਰਾ ਪੁੱਤ’ ਦੁਆਰਾ ਹੀ ਇਕ ਹੋਰ ਲਾਹੌਰੀਏ ਅਦਾਕਾਰ ਨੇ ਇਸ ਪੰਜਾਬੀ ਫ਼ਿਲਮ ’ਚ ਆਪਣੀ ਪ੍ਰਭਾਵੀ ਹੋਂਦ ਦਾ ਸਫ਼ਲ ਅਤੇ ਬਾਖ਼ੂਬੀ ਪ੍ਰਗਟਾਵਾ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ, ਜਿੰਨ੍ਹਾਂ ਦਾ ਨਾਂਅ ਹੈ ਆਗਾ ਮਜ਼ੀਦ, ਜੋ ‘ਮੈਂ ਵੀ ਮੱਦਦ ਕਰਾਸਾਂ’ ਅਤੇ ‘ਖੱਟੇ ਮਿੱਠੇ ਕਰੇਲੇ’ ਜਿਹੇ ਕਈ ਬੇਮਿਸਾਲ ਰੰਗਮੰਚ ਅਤੇ ਸਟੇਜ਼ੀ ਸੋਅਜ਼ ਦੁਆਰਾ ਲਹਿੰਦੇ ਪੰਜਾਬ ਦੇ ਟੈਲੀਵਿਜ਼ਨ, ਫ਼ਿਲਮਾਂ ਅਤੇ ਸਟੇਜ਼ ਸੋਅਜ਼ ਵਿਚ ਵੱਡਾ ਨਾਮ ਅਤੇ ਮੁਕਾਮ ਹਾਸਿਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ:Nimrat Khaira Photos: ਦੁਲਹਨ ਦੇ ਪਹਿਰਾਵੇ 'ਚ ਨਿਮਰਤ ਖਹਿਰਾ ਨੇ ਕਰਵਾਇਆ ਦਿਲ ਖਿੱਚ ਫੋਟੋਸ਼ੂਟ, ਮਿਸ ਪੂਜਾ ਨੇ ਕੀਤਾ ਇਹ ਕਮੈਂਟ